ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਹਲਕਾ ਆਦਮਪੁਰ ਦੇ ਪਿੰਡ ਜੈਤੇਵਾਲੀ ਵਿਖੇ ਠੋਸ ਕੂੜੇ ਦੇ ਪ੍ਰਬੰਧ ਲਈ ਬਣਾਏ ਜਾ ਰਹੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਦੇ ਸਰਪੰਚ ਰਛਪਾਲ ਸਿੰਘ ਫੌਜੀ ਨੇ ਦੱਸਿਆ ਕਿ ਪਿੰਡ ਦੇ ਆਸੇ-ਪਾਸੇ ਦੇ ਖੇਤਰ ‘ਚ ਲੱਗੇ ਕੂੜੇ ਦੇ ਢੇਰਾਂ ਕਾਰਨ ਪੈਦਾ ਹੋ ਰਹੀ ਸਮੱਸਿਆ ਦੇ ਹੱਲ ਲਈ ਗ੍ਰਾਮ ਪੰਚਾਇਤ ਪਿੰਡ ਜੈਤੇਵਾਲੀ ਵੱਲੋਂ ਪ੍ਰਸ਼ਾਸਨ ਨੂੰ ਪਿੰਡ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਾਉਣ ਲਈ ਬੇਨਤੀ ਕੀਤੀ ਗਈ ਸੀ, ਜਿਸਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਉਕਤ ਪਲਾਂਟ ਬਨਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦੇ ਬਣਨ ਨਾਲ ਨਾ ਸਿਰਫ਼ ਕੂੜੇ ਦੇ ਪ੍ਰਬੰਧਨ ਦਾ ਕੰਮ ਸੁਖਾਲਾ ਹੋਵੇਗਾ ਬਲਕਿ ਪਿੰਡ ਵਾਸੀਆਂ ਨੂੰ ਪਿੰਡ ਦਾ ਆਲੇ-ਦੁਆਲੇ ਲੱਗੇ ਢੇਰਾਂ ਤੋਂ ਵੀ ਨਿਜ਼ਾਤ ਮਿਲੇਗੀ ਅਤੇ ਪੁਰਾਣੇ ਢੇਰਾਂ ਵਾਲੀਆਂ ਥਾਵਾਂ ਦੀ ਸਾਫ-ਸਫਾਈ ਹੋ ਜਾਣ ਨਾਲ ਪਿੰਡ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ ।ਸਰਪੰਚ ਰਛਪਾਲ ਸਿੰਘ ਫੌਜੀ ਨੇ ਦੱਸਿਆ ਕਿ ਪਲਾਂਟ ਤਿਆਰ ਹੋਣ ਉਪਰੰਤ ਪਿੰਡ ਦੇ ਸਾਰੇ ਘਰਾਂ ਵਿੱਚ ਗਿੱਲੇ ਤੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ ਅਲੱਗ-ਅਲੱਗ ਡਸਟਬਿਨ ਮੁਹੱਈਆ ਕਰਵਾਏ ਜਾਣਗੇ ਅਤੇ ਪਲਾਂਟ ਵਿੱਚ ਆਉਣ ਤੋਂ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾਵੇਗੀ, ਜਿਸ ਨਾਲ ਪੰਚਾਇਤ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ । ਇਸ ਮੌਕੇ ਜੇ.ਈ ਕਮਲਪ੍ਰੀਤ ਸਿੰਘ, ਮਨਰੇਗਾ ਟੈਕਨੀਕਲ ਅਸਿਸਟੈਂਟ ਨਵਜੋਤ ਸਿੰਘ ਸਿੱਧੂ, ਠੇਕੇਦਾਰ ਸੰਜੀਵ ਮਹਾਜਨ, “ਆਪ” ਪ੍ਰਧਾਨ ਮੱਖਣ ਲਾਲ ਚੋਪੜਾ, ਅਮਰਜੀਤ ਮਹਿਮੀ, ਸੁੱਚਾ ਸਿੰਘ ਮਹਿਮੀ, ਹਰਭਜਨ ਸਿੰਘ ਮਹਿਮੀ ਅਤੇ ਪੰਚ ਧਰਮਵੀਰ ਪਵਾਰ ਜੌਨੀ ਹਾਜ਼ਰ ਸਨ । 
