ਕਰਤਾਰਪੁਰ,16 ਫ਼ਰਵਰੀ (ਪੰਜਾਬ ਦੈਨਿਕ ਨਿਊਜ) ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਅਪੀਲ ਉੱਤੇ ਅੱਜ ਕਰਤਾਰਪੁਰ ਸ਼ਹਿਰ ਦੇ ਦੁਕਾਨਦਾਰਾਂ, ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਮੁਕੰਮਲ ਬੰਦ ਕਰਕੇ ਭਾਰਤ ਬੰਦ ਨੂੰ ਭਰਵਾਂ ਸਮਰਥਨ ਦਿੱਤਾ। ਪੇਂਡੂ ਮਜ਼ਦੂਰ ਜਥੇਬੰਦੀਆਂ ਨੇ ਸ਼ਹਿਰ ਵਿੱਚ ਮੁਜ਼ਾਹਰਾ ਕਰਦੇ ਹੋਏ ਕਰਤਾਰਪੁਰ ਦੇ ਮੁੱਖ ਚੌਂਕ ਦੇ ਚਾਰੋਂ ਰਸਤੇ ਬੰਦ ਕਰਕੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਜਾਮ ਲਗਾਇਆ। ਜਾਮ ਦੌਰਾਨ ਬਰਾਤ,ਮਰਗ, ਐਂਬੂਲੈਂਸ, ਮਰੀਜ਼, ਸਕੂਲੀ ਵਿਦਿਆਰਥੀਆਂ ਅਤੇ ਏਅਰਪੋਰਟ ਵਿਖੇ ਜਾਣ ਵਾਲੀਆਂ ਗੱਡੀਆਂ ਨੂੰ ਖੁੱਲ੍ਹ ਦਿੱਤੀ ਗਈ।ਅੱਜ ਦਾ ਭਾਰਤ ਬੰਦ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਕਿਸਾਨਾਂ , ਮਜ਼ਦੂਰਾਂ, ਦੁਕਾਨਦਾਰਾਂ, ਕੱਚੇ ਮੁਲਾਜ਼ਮਾਂ, ਡਰਾਇਵਰਾਂ ਤੇ ਵਿਦਿਆਰਥੀਆਂ ਤੇ ਹੋਰ ਮਿਹਨਤੀ ਲੋਕਾਂ ਨੂੰ ਕੁਚਲਣ ਅਤੇ ਦੇਸ਼ ਦਾ ਜਲ,ਜੰਗਲ ਅਤੇ ਜ਼ਮੀਨ ਤੇ ਹੋਰ ਖਣਿਜ ਪਦਾਰਥ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਖਿਲਾਫ਼ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਪੱਖੀ ਅਤੇ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਆਪਸ ਵਿੱਚ ਧਰਮਾਂ, ਜਾਤਾਂ ਦੇ ਨਾਂ ‘ਤੇ ਪਾੜ ਕੇ ਲੜਾਇਆ ਜਾ ਰਿਹਾ ਹੈ ਅਤੇ ਲੋਕਾਂ ਦੀ ਜ਼ਿੰਦਗੀ ਦੇ ਬੁਨਿਆਦੀ ਮੁੱਦਿਆਂ ਨੂੰ ਘੱਟੇ ਰੋਲਿਆ ਜਾ ਰਿਹਾ ਹੈ।ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟ੍ਰੇਡ ਯੂਨੀਅਨਾਂ, ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਆਦਿ ਵਲੋਂ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਦੇ ਤਮਾਮ ਬੁਨਿਆਦੀ ਮੁੱਦਿਆਂ ਨੂੰ ਲੈ ਕੇ ਵਿਸ਼ਾਲ ਏਕਾ ਉਸਾਰਨ ਅਤੇ ਵਿਸ਼ਾਲ ਲਾਮਬੰਦੀ ਲਈ ਭਾਰਤ ਬੰਦ ਕੀਤਾ ਗਿਆ।ਇਸ ਮੌਕੇ ਮੰਗ ਕੀਤੀ ਗਈ ਕਿ ਲੇਬਰ ਕੋਡ ਰੱਦ ਕੀਤੇ ਜਾਣ, 12 ਘੰਟੇ ਦੀ ਦਿਹਾੜੀ ਦਾ ਫ਼ੈਸਲਾ ਰੱਦ ਕੀਤਾ ਜਾਵੇ, ਮਗਨਰੇਗਾ ਤਹਿਤ ਸਾਲ ਭਰ ਰੁਜ਼ਗਾਰ ਦੇਣ ਦੀ ਗਾਰੰਟੀ ਤੇ ਦਿਹਾੜੀ 700 ਰੂਪਏ ਕੀਤੀ ਜਾਵੇ,ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਜਨਤਕ ਵੰਡ ਪ੍ਰਣਾਲੀ ਤਹਿਤ ਰਸੋਈ ਵਿੱਚ ਵਰਤੋਂ ਦੀਆਂ ਸਾਰੀਆਂ ਵਸਤਾਂ ਕੰਟਰੋਲ ਰੇਟ ‘ਤੇ ਦਿੱਤੀਆਂ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਫ਼ਸਲਾਂ ਦੀ ਐੱਮ ਐੱਸ ਪੀ ਦਾ ਕਾਨੂੰਨੀ ਹੱਕ ਦਿੱਤਾ ਜਾਵੇ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਤਹਿਸੀਲ ਆਗੂ ਕੇ ਐੱਸ ਅਟਵਾਲ, ਬਲਵਿੰਦਰ ਕੌਰ ਦਿਆਲਪੁਰ, ਬਲਬੀਰ ਸਿੰਘ ਧੀਰਪੁਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਵੀਰ ਕੁਮਾਰ, ਆਸ਼ਾ ਵਰਕਰ ਅਤੇ ਫੈਸਿਲੀਟੇਟਰ ਵਰਕਰ ਯੂਨੀਅਨ ਦੀ ਆਗੂ ਅੰਮ੍ਰਿਤਪਾਲ ਕੌਰ ਨੂਸੀ ਅਤੇ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ (ਸੀਟੂ)ਦੀ ਆਗੂ ਜਸਵੀਰ ਕੌਰ,ਆਸ਼ਾ ਰਾਣੀ,ਡਾਕਟਰ ਅੰਬੇਡਕਰ ਸੰਘਰਸ਼ ਮੋਰਚਾ ਦੇ ਆਗੂ ਤਰਲੋਕ ਵੈਂਡਲ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਬਲਵਿੰਦਰ ਕੌਰ ਅਤੇ ਦਲਜੀਤ ਕੌਰ ਆਦਿ ਨੇ ਸੰਬੋਧਨ ਕੀਤਾ।
