




ਜਲੰਧਰ (ਪੰਜਾਬ ਦੈਨਿਕ ਨਿਊਜ) ਲੋਕ ਸਭਾ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਜਸਪ੍ਰੀਤ ਸਿੰਘ ਨੇ ਚੋਣ ਅਮਲ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜਨ ਲਈ ਵੱਖ-ਵੱਖ ਮਹੱਤਵਪੂਰਨ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਚੋਣ ਪ੍ਰਚਾਰ 8 ਮਈ ਨੂੰ ਸ਼ਾਮ 6 ਵਜੇ ਬੰਦ ਹੋ ਜਾਵੇਗਾ ਅਤੇ 5 ਤੋਂ ਵੱਧ ਵਿਅਕਤੀਆਂ ਨਾਲ ਜਨਤਕ ਮੀਟਿੰਗ ’ਤੇ ਮਨਾਹੀ ਹੈ,ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਮੁਤਾਬਿਕ ਇਸ ਸਮੇਂ ਦੌਰਾਨ ਸਿਰਫ਼ 4 ਵਿਅਕਤੀਆਂ ਸਮੇਤ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਸਕੇਗਾ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਿਆਸੀ ਲੀਡਰ, ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ, ਜਿਨਾਂ ਦੀ ਵੋਟ ਜਲੰਧਰ ਜ਼ਿਲ੍ਹੇ ਵਿੱਚ ਨਹੀਂ ਹੈ, ਨੂੰ 8 ਮਈ ਸ਼ਾਮ 6 ਵਜੇ ਤੋਂ 10 ਮਈ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੱਕ ਲੋਕ ਸਭਾ ਹਲਕੇ ਦੀ ਹੱਦ ਤੋਂ ਬਾਹਰ ਰਹਿਣਾ ਪਵੇਗਾ। ਜ਼ਿਲ੍ਹਾ ਮੈਜਿਸਟਰੇਟ ਵਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਕੋਈ ਵੀ ਸਿਆਸੀ ਪਾਰਟੀ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਦਾਇਰੇ ਅੰਦਰ ਕਿਸੇ ਤਰ੍ਹਾਂ ਦਾ ਚੋਣ ਪ੍ਰਚਾਰ ਨਹੀਂ ਕਰੇਗੀ। ਇਸੇ ਤਰ੍ਹਾਂ 8 ਮਈ ਸ਼ਾਮ 6 ਵਜੇ ਤੋਂ 10 ਮਈ ਸ਼ਾਮ ਵੋਟਾਂ ਪੈਣ ਤੱਕ ਜ਼ਿਲ੍ਹੇ ਵਿੱਚ ਡਰਾਈ ਡੇਅ ਰਹੇਗਾ ਅਤੇ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ। ਵੋਟਾਂ ਦੀ ਗਿਣਤੀ ਵਾਲੇ ਦਿਨ 13 ਮਈ ਨੂੰ ਵੀ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ। ਜਾਰੀ ਹੁਕਮਾਂ ਅਨੁਸਾਰ ਡਰਾਈ ਡੇਜ਼ ਦੌਰਾਨ ਕਿਸੇ ਹੋਟਲਾਂ, ਖਾਣ-ਪੀਣ ਵਾਲੀਆਂ ਥਾਵਾਂ, ਅਹਾਤਿਆਂ, ਦੁਕਾਨਾਂ ਅਤੇ ਹੋਰਨਾਂ ਥਾਵਾਂ, ਪੋਲਿੰਗ ਖੇਤਰਾਂ ਦੇ ਜਨਤਕ ਅਤੇ ਨਿੱਜੀ ਥਾਵਾਂ ’ਤੇ ਵੀ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਰਹੇਗੀ। ਠੇਕਿਆਂ, ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਹੋਰਨਾਂ ਥਾਵਾਂ ’ਤੇ ਸ਼ਰਾਬ ਦੀ ਵਿਕਰੀ ਅਤੇ ਸ਼ਰਾਬ ਪਰੋਸਣ ’ਤੇ ਮਨਾਹੀ ਰਹੇਗੀ। ਇਸ ਸਮੇਂ ਦੌਰਾਨ ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟਾਂ ਆਦਿ ਵਿੱਚ ਵੀ ਸ਼ਰਾਬ ਵੇਚਣ ’ਤੇ ਪਾਬੰਦੀ ਰਹੇਗੀ। ਗੈਰ ਲਾਇਸੰਸੀ ਥਾਵਾਂ ’ਤੇ ਸ਼ਰਾਬ ਦੀ ਸਟੋਰੇਜ ’ਤੇ ਆਬਕਾਰੀ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।

