


ਕਰਤਾਰਪੁਰ,21 ਸਤੰਬਰ (ਪੰਜਾਬ ਦੈਨਿਕ ਨਿਊਜ਼) ਭਾਰਤੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਵਲੋਂ ਭਾਜਪਾ-ਆਰ ਐਸ ਐਸ ਦੇ ਫਾਸ਼ੀ ਹਮਲਿਆਂ ਖਿਲਾਫ਼ 26 ਸਤੰਬਰ ਨੂੰ ਦਾਣਾ ਮੰਡੀ ਮੋਗਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਵਿਸ਼ਾਲ ਰੈਲੀ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਤਿਆਰੀਆਂ ਵਜੋਂ ਪਾੜਾ ਪਿੰਡ,ਮੁਰੀਦਪੁਰ,ਬੂਲਾ, ਧੀਰਪੁਰ ਆਦਿ ਪਿੰਡਾਂ ਚ ਜਾਗੋ ਕੱਢੀ ਗਈ ਅਤੇ ਘੁੱਗਸ਼ੋਰ,ਬੜਾ ਪਿੰਡ ਛੋਟਾ ਪਿੰਡ ਆਦਿ ਵਿਖੇ ਮੀਟਿੰਗਾਂ,ਰੈਲੀਆਂ ਕਰਕੇ ਕਿਰਤੀਆਂ ਕਾਮਿਆਂ ਨੂੰ ਰੈਲੀ ਲਈ ਲਾਮਬੰਦ ਗਿਆ। ਇਸ ਮੌਕੇ ਪਾਰਟੀ ਆਗੂ ਕਾਮਰੇਡ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਭਾਜਪਾ -ਆਰ ਐਸ ਐਸ ਦੀ ਮੋਦੀ ਸਰਕਾਰ ਦੇਸ਼ ਦਾ ਸੰਵਿਧਾਨ ਅਤੇ ਜਮਹੂਰੀਅਤ ਖ਼ਤਮ ਕਰਕੇ ਦੇਸ਼ ਵਿਚ ਤਾਨਾਸ਼ਾਹੀ ਲਿਆਉਣਾ ਚਾਹੁੰਦੀ ਹੈ। ਇਸ ਲਈ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਦਬਾਇਆ ਜਾ ਰਿਹਾ ਹੈ। ਨਿੱਤ ਨਵੇਂ ਨਵੇਂ ਕਾਲੇ ਕਾਨੂੰਨ ਘੜੇ ਜਾ ਰਹੇ ਹਨ, ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਹੈ। ਇਥੋਂ ਤੱਕ ਕਿ ਸੰਸਦ ਦੀ ਮਰਿਆਦਾ ਨੂੰ ਖੁੱਦ ਹੀ ਤਾਰ ਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਪ੍ਰਬੰਧ ਪੰਜਾਬ ਹਵਾਲੇ ਕਰਨ,ਚੰਡੀਗੜ੍ਹ ਪੰਜਾਬ ਨੂੰ ਦੇਣ, ਸਾਰੇ ਸਿਆਸੀ ਕਾਰਕੁਨਾਂ ਅਤੇ ਸਿੱਖਾਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ, ਯੂ ਏ ਪੀ ਏ, ਐਸਮਾ ਅਤੇ ਹੋਰ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।ਉਨ੍ਹਾਂ ਮੋਗਾ ਰੈਲੀ ਵਿੱਚ ਮਿਹਨਤੀ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਯੂਨੀਅਨ ਦੇ ਤਹਿਸੀਲ ਆਗੂ ਕੇ ਐੱਸ ਅਟਵਾਲ, ਬਲਬੀਰ ਸਿੰਘ ਧੀਰਪੁਰ, ਬਲਵਿੰਦਰ ਕੌਰ, ਸਰਬਜੀਤ ਕੌਰ, ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਜਸਵੀਰ ਕੌਰ ਜੱਸੀ, ਬਲਵਿੰਦਰ ਕੌਰ, ਦਲਜੀਤ ਕੌਰ ਅਤੇ ਹੋਰ ਆਗੂ ਵੀ ਲਾਮਬੰਦੀ ਮੁਹਿੰਮ ਨੂੰ ਚਲਾ ਰਹੇ ਹਨ।
MUNISH TOKHI