








ਜਲੰਧਰ 25 ਨਵੰਬਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਕਸ਼ੱਤਰੀ ਟਾਂਕ ਸਭਾ ਜ਼ਿਲ੍ਹਾ ਜਲੰਧਰ ਵੱਲੋਂ ਮਾਡਲ ਹਾਊਸ ਸਥਿਤ ਸੰਤ ਨਾਮਦੇਵ ਭਵਨ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 756ਵਾਂ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਹੇਠ ਸਜਾਏ ਗਏ ਧਾਰਮਿਕ ਦੀਵਾਨਾਂ ਵਿੱਚ ਭਾਈ ਅਮਰਜੀਤ ਸਿੰਘ ਮਹਿਤਾਬ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਵਾਮੀ ਸ਼ਾਂਤਾਨੰਦ ਜੀ ਨੇ ਭਗਤ ਨਾਮਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਹੱਥੀਂ ਕਿਰਤ ਕਰਨ ਅਤੇ ਪਰਮਾਤਮਾ ਦਾ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਡਾ. ਮਿਹਰਬਾਨ ਸਿੰਘ ਨੇ ਭਗਤ ਨਾਮਦੇਵ ਜੀ ਦੀਆਂ ਰਚਨਾਵਾਂ ’ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਅਤੇ ਸੰਤਾਂ-ਭਗਤਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਉੱਘੇ ਸਮਾਜ ਸੇਵੀ ਅਜੀਤ ਬੱਟੂ ਸੈਦੋਵਾਲੀਆ ਨੇ ਬਜ਼ੁਰਗਾਂ, ਲੋੜਵੰਦਾਂ ਅਤੇ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸੰਤ ਨਾਮਦੇਵ ਭਵਨ ਦੀ ਚਾਰ ਮੰਜ਼ਿਲਾ ਇਮਾਰਤ ਵਿੱਚ ਲਗਾਈ ਗਈ ਲਿਫਟ ਦਾ ਉਦਘਾਟਨ ਕੀਤਾ। ਸਭਾ ਦੇ ਪ੍ਰਧਾਨ ਮਨੋਹਰ ਲਾਲ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਹਾਜ਼ਰ ਸਤਿਕਾਰਯੋਗ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਆਰ.ਪੀ. ਗਾਂਧੀ, ਅਜੈ ਕੁਮਾਰ ਕੌਸ਼ਲ, ਮੀਤ ਪ੍ਰਧਾਨ ਇੰਜੀ. ਕਰਮਜੀਤ ਸਿੰਘ, ਹਰਅੰਮ੍ਰਿਤ ਅਮੋਲ ਸਿੰਘ, ਖਜ਼ਾਨਚੀ ਹਰੀਸ਼ ਚਿਤਰਾ, ਸਕੱਤਰ ਅਵਤਾਰ ਸਿੰਘ, ਸਚਿਨ ਗਾਂਧੀ, ਜੁਆਇੰਟ ਸਕੱਤਰ ਗੁਰਪ੍ਰੀਤ ਸਾਗਰ, ਪ੍ਰੇਮ ਸਾਗਰ, ਅੰਕੁਰ ਕੌਸ਼ਲ ਅਤੇ ਪ੍ਰਦੀਪ ਧਾਮੀ ਸਮੇਤ ਹੋਰ ਅਹੁਦੇਦਾਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਸਮਾਗਮ ਦੀ ਸਮਾਪਤੀ ਮੌਕੇ ਅਰਦਾਸ ਉਪਰੰਤ ਸਮੂਹ ਸੰਗਤਾਂ ਨੇ ਗੁਰੂ ਕਾ ਲੰਗਰ ਛਕਿਆ।
MUNISH TOKHI