


ਜਲੰਧਰ,13 ਜਨਵਰੀ (PUNJAB DAINIK NEWS ) ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੀ ਅਗਵਾਈ ਹੇਠ ਲਤੀਫ਼ਪੁਰਾ ਮੁੜ ਵਸੇਬਾ ਕਰਨ, ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਗਾਲੀ ਗਲੋਚ ਕਰਨ ਵਾਲੇ ਡੀਸੀਪੀ ਤੇਜਾ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਆਪ ਵਿਧਾਇਕ ਰਮਨ ਅਰੋੜਾ ਦੇ ਘਰ ਅੱਗੇ ਲੋਹੜਾ ਮਨਾਉਂਦੇ ਹੋਏ ਮੁੱਖ ਮੰਤਰੀ ਦੀ ਲੋਹੜੀ ਬਾਲੀ ਗਈ ਤੇ ਮੁੱਖ ਮੰਤਰੀ ਤੇ ਚੇਅਰਮੈਨ ਇੰਮਰੂਵਮੈਂਟ ਟਰੱਸਟ ਦਾ ਪੁਤਲਾ ਫ਼ੂਕਿਆ ਗਿਆ।ਇਸ ਮੌਕੇ ਉਜਾੜੇ ਲੋਕਾਂ ਨੇ ਭੰਗੜਾ ਪਾਉਂਦੇ,ਗਿੱਧਾ ਪਾਉਂਦੇ ਮੰਤਰੀਆਂ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਵੀ ਸਾੜੀਆ।ਧਰਨਾ ਪ੍ਰਦਰਸ਼ਨ ਦੋ ਘੰਟੇ ਤੋਂ ਵੱਧ ਸਮਾਂ ਧਰਨਾ ਪ੍ਰਦਰਸ਼ਨ ਚੱਲਿਆ।ਪੁਲਿਸ ਵਲੋਂ ਐੱਮ.ਐੱਲ.ਏ. ਦੇ ਘਰ ਅੱਗੇ ਲੱਗੇ ਗੇਟ ਨੂੰ ਫੋਰਸ ਨੇ ਤਾਲਾ ਲਗਾ ਰੱਖਿਆ ਗਿਆ।ਇਸ ਤੋਂ ਪਹਿਲਾਂ ਇਹ ਧਰਨਾਕਾਰੀ ਲਤੀਫ਼ਪੁਰਾ ਮੋਰਚੇ ਤੋਂ ਮੁਜ਼ਾਹਰਾ ਸ਼ੁਰੂ ਕਰਕੇ ਸ੍ਰੀ ਗੁਰੂ ਰਵਿਦਾਸ ਚੌਂਕ, ਅੰਬੇਡਕਰ ਚੌਂਕ ਤੋਂ ਹੁੰਦਾ ਹੋਇਆ, ਫੁੱਟਬਾਲ ਚੌਂਕ ਤੋਂ ਹੁੰਦਾ ਹੋਇਆ ਐੱਮ.ਐੱਲ.ਏ. ਦੇ ਘਰ ਅੱਗੇ ਧਰਨਾ ਸਥਾਨ ‘ਤੇ ਪੁੱਜੇ, ਜਿੱਥੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੰਗਾਂ ਦੇ ਠੋਸ ਨਿਪਟਾਰੇ ਤੱਕ ਸੰਘਰਸ਼ ਜਾਰੀ ਰਹੇਗਾ ਅਤੇ 16 ਜਨਵਰੀ ਨੂੰ ਜਲੰਧਰ ਸਥਿਤ ਧੰਨੋ ਵਾਲੀ ਨੇੜੇ 4 ਘੰਟੇ ਲਈ ਹਾਈਵੇ ਤੇ ਰੇਲਵੇ ਜਾਮ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਹਰਾ ਦੇ ਕੇ ਵੋਟਾਂ ਬਟੋਰਨ ਵਾਲੀ ਭਗਵੰਤ ਸਿੰਘ ਮਾਨ ਸਰਕਾਰ ਪਹਿਲੀਆਂ ਸਰਕਾਰਾਂ ਦੇ ਨਕਸ਼ ਕਦਮਾਂ ਉੱਪਰ ਚੱਲਦੇ ਹੋਏ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਦੇ ਘਰਾਂ ਉੱਪਰ ਬੁਲਡੋਜ਼ਰ ਚਲਾ ਕੇ ਉਜਾੜਾ ਕਰਦਿਆਂ ਲੋਹੜੇ ਦਾ ਕਹਿਰ ਕਮਾਇਆ ਹੈ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਜਾੜੇ ਲੋਕ ਸੜਕਾਂ ਉੱਪਰ ਰੁਲ ਰਹੇ ਹਨ ਅਤੇ ਸੂਬਾ ਸਰਕਾਰ ਦੇ ਮੰਤਰੀ ਭੰਗੜਾ ਤੇ ਗਿੱਧਾ ਪਾ ਰਹੇ ਹਨ।ਇਸ ਮੌਕੇ ਮੋਰਚੇ ਦੇ ਆਗੂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ,ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਸੰਤੋਖ ਸਿੰਘ ਸੰਧੂ,ਤਰਸੇਮ ਸਿੰਘ ਵਿੱਕੀ ਜੈਨਪੁਰ, ਕਸ਼ਮੀਰ ਸਿੰਘ ਘੁੱਗਸ਼ੋਰ,ਡਾਕਟਰ ਗੁਰਦੀਪ ਸਿੰਘ ਭੰਡਾਲ, ਹੰਸ ਰਾਜ ਪੱਬਵਾਂ,ਹਰਜਿੰਦਰ ਕੌਰ, ਬਲਜਿੰਦਰ ਕੋਰ,ਪਰਮਿੰਦਰ ਸਿੰਘ ਬਾਜਵਾ, ਸੁਖਜੀਤ ਸਿੰਘ ਡਰੋਲੀ, ਪਰਮਜੀਤ ਸਿੰਘ ਜੱਬੋਵਾਲ,ਹਰਨੇਕ ਸਿੰਘ ਜੈਨਪੁਰ,ਮੋਹਨ ਸਿੰਘ ਫੌਜੀ,ਅਵਤਾਰ ਸਿੰਘ, ਲਖਵੀਰ ਸਿੰਘ ਸੌਂਟੀ,ਪਿੰਦੂ ਵਾਸੀ,ਬੋਹੜ ਸਿੰਘ ਹਜ਼ਾਰਾ, ਤਰਸੇਮ ਸਿੰਘ ਜਲੰਧਰ,ਮੰਗਲਜੀਤ ਸਿੰਘ ਪੰਡੋਰੀ ਅਤੇ ਜਸਵੀਰ ਕੌਰ ਜੱਸੀ ਆਦਿ ਨੇ ਸੰਬੋਧਨ ਕੀਤਾ।

