ਜਲੰਧਰ ਪੰਜਾਬ ਦੈਨਿਕ ਨਿਊ (ਮੁਨੀਸ਼ ਤੋਖੀ) ਸੰਤ ਨਾਮਦੇਵ ਕਸ਼ੱਤਰੀਆ (ਟਾਂਕ) ਸਭਾ ਜ਼ਿਲਾ ਜਲੰਧਰ ਵੱਲੋਂ ਇਥੇ ਮਾਡਲ ਹਾਊਸ ਸਥਿਤ ਸੰਤ ਨਾਮਦੇਵ ਭਵਨ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 751ਵੇਂ ਪ੍ਰਕਾਸ਼ ਉਤਸਵ ਸਬੰਧੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਦਲੇਰ ਸਿੰਘ ਦੇ ਜਥੇ ਅਤੇ ਸੰਤ ਨਾਮਦੇਵ ਕੋ-ਐਜੂਕੇਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਦਕਿ ਮਹਾ ਮੰਡਲੇਸ਼ਵਰ ਸਵਾਮੀ ਸ਼ਾਤਾ ਨੰਦ ਜੀ ਨੇ ਕਥਾ ਕਰਕੇ ਭਗਤ ਨਾਮਦੇਵ ਜੀ ਦੀ ਮਹਾਨਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਭਗਤ ਨਾਮਦੇਵ ਜੀ ਦੀ ਜੀਵਨੀ ਤੇ ਉਨ੍ਹਾਂ ਦੀ ਬਾਣੀ ਬਾਰੇ ਚਾਨਣਾ ਪਾਇਆ।
ਉਨ੍ਹਾਂ ਦੱਸਿਆ ਕਿ ਕਿਵੇਂ ਭਗਤ ਨਾਮਦੇਵ ਜੀ ਨੇ ਸੰਗਤਾਂ ਨੂੰ ਆਪਣੇ ਕਾਰਜ ਕਰਦਿਆਂ ਪ੍ਰਭੂ ਭਗਤੀ ਵਿਚ ਲੀਨ ਰਹਿਣ ਲਈ ਪ੍ਰੇਰਿਆ। ਇਸ ਮੌਕੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਤੋਂ ਡਾ. ਅਮਰਜੀਤ ਸਿੰਘ ਅਤੇ ਲੇਖਕ ਜੋਗਿੰਦਰ ਸਿੰਘ ਸੰਧੂ ਨੇ ਵੀ ਸੰਤ ਨਾਮਦੇਵ ਜੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਲਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਸੰਤ ਨਾਮਦੇਵ ਭਵਨ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ।
ਇਸ ਮੌਕੇ ਸਭਾ ਦੇ ਪ੍ਰਧਾਨ ਮਨੋਹਰ ਲਾਲ, ਜਨਰਲ ਸਕੱਤਰ ਸੀ ਐੱਲ ਲੱਕੀ, ਗੁਰਬਚਨ ਸਿੰਘ ਰਖਰਾ, ਮੇਜਰ ਜਗਜੀਤ ਸਿੰਘ ਰਿਸ਼ੀ, ਆਰਪੀ ਗਾਂਧੀ, ਅਜੈ ਕੌਸ਼ਲ, ਹਰੀਸ਼ ਚਿਤਰਾ, ਦਲਜੀਤ ਸਿੰਘ ਰਤਨ, ਸਰਵਣ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਸਮਾਜ ਵਿਚ ਬਜ਼ੁਰਗਾਂ ਦਾ ਸਤਿਕਾਰ ਬਹਾਲ ਕਰਨ ਲਈ 80 ਸਾਲ ਜਾਂ ਇਸ ਤੋਂ ਉਪਰ ਉਮਰ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਇਸ ਮੌਕੇ ਸਭਾ ਵੱਲੋਂ ਲੋਡ਼ਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ। ਇਸੇ ਦੌਰਾਨ ਸਵਾਮੀ ਸ਼ਾਂਤਾ ਨੰਦ ਜੀ ਨੇ ਕੁਲਦੀਪ ਸਿੰਘ ਬੇਦੀ ਅਤੇ ਡਾ. ਮਿਹਰਬਾਨ ਸਿੰਘ ਦੀਆਂ ਲਿਖੀਆਂ ਪੁਸਤਕਾਂ ਵੀ ਰਿਲੀਜ਼ ਕੀਤੀਆਂ।
ਅੰਤ ਵਿਚ ਪ੍ਰਧਾਨ ਮਨੋਹਰ ਲਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਬੱਸੀ ਪਠਾਣਾ, ਲੁਧਿਆਣਾ, ਗੁਰਾਇਆ, ਆਦਮਪੁਰ ਦੋਆਬਾ, ਫਗਵਾਡ਼ਾ, ਸ਼ਾਹਕੋਟ, ਨਕੋਦਰ, ਭੁਲੱਥ ਅਤੇ ਅੰਮ੍ਰਿਤਸਰ ਤੋਂ ਵੱਡੀ ਗਿਣਤੀ ’ਚ ਸੰਗਤਾਂ ਪਹੁੰਚੀਆਂ ਹੋਈਆਂ ਸਨ। ਮੰਚ ਸੰਚਾਲਨ ਕੁਲਦੀਪ ਸਿੰਖ ਬੇਦੀ ਨੇ ਬਾਖੂਬੀ ਨਿਭਾਇਆ , ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
