ਜਲੰਧਰ ਪੰਜਾਬ ਦੈਨਿਕ ਨਿਊਜ਼ ( ਮੁਨੀਸ਼ ਤੋਖੀ ) ਸੰਤ ਨਾਮਦੇਵ ਕਸ਼ੱਤਰੀਆ (ਟਾਂਕ) ਸਭਾ ਜਲੰਧਰ ਵੱਲੋਂ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 751ਵੇਂ ਪ੍ਰਕਾਸ਼ ਉਤਸਵ ਸਬੰਧੀ ਸੂਬਾ ਪੱਧਰੀ ਸਮਾਗਮ 14 ਨਵੰਬਰ ਨੂੰ ਸੰਤ ਨਾਮਦੇਵ ਭਵਨ ਮਾਡਲ ਹਾਊਸ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਭਾ ਦੇ ਪ੍ਰਧਾਨ ਮਨੋਹਰ ਲਾਲ ਅਤੇ ਜਨਰਲ ਸਕੱਤਰ ਸੀ.ਐੱਲ. ਲੱਕੀ ਨੇ ਦੱਸਿਆ ਕਿ 14 ਨਵੰਬਰ ਨੂੰ ਸਮਾਗਮ ਦੌਰਾਨ ਮਹਾਂ ਮੰਡਲੇਸ਼ਵਰ ਸਵਾਮੀ ਸ਼ਾਂਤਾ ਨੰਦ ਜੀ ਕਥਾ ਕਰਨਗੇ ਅਤੇ ਭਾਈ ਦਲੇਰ ਸਿੰਘ ਦਾ ਜਥਾ ਤੇ ਸੰਤ ਨਾਮਦੇਵ ਕੋ-ਐਜੂਕੇਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਦੇ ਜਥੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।
ਇਸ ਮੌਕੇ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਤੋਂ ਡਾ. ਅਮਰਜੀਤ ਸਿੰਘ ਸੰਤ ਨਾਮਦੇਵ ਜੀ ਦੇ ਜੀਵਨ ’ਤੇ ਵਿਸ਼ੇਸ਼ ਲੈਕਚਰ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਹਿਮ ਸ਼ਖ਼ਸੀਅਤਾਂ ਤੋਂ ਇਲਾਵਾ ਖੇਡਾਂ ਤੇ ਪਡ਼੍ਹਾਈ ’ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਜਿਨ੍ਹਾਂ ਲਡ਼ਕਿਆਂ ਨੇ ਬਿਨਾਂ ਦਾਜ ਤੋਂ ਵਿਆਹ ਸਾਦੇ ਢੰਗ ਨਾਲ ਕਰਵਾਇਆ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸੇ ਦੌਰਾਨ 80 ਸਾਲ ਜਾਂ ਉਪਰ ਉਮਰ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ ਅਤੇ ਲੋਡ਼ਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ। ਅੰਤ ’ਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
