







ਪਤਾਰਾ ਲਵਦੀਪ ਬੈਂਸ (PUNJAB DAINIK NEWS ) ਬਾਬਾ ਭਗਤ ਰਾਮ ਸਪੋਰਟਸ ਕਲੱਬ ਬੋਲੀਨਾ ਦੋਆਬਾ, ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 8ਵਾਂ ਸਲਾਨਾ ਕ੍ਰਿਕਟ ਟੂਰਨਾਮੈਂਟ ਪਿੰਡ ਬੋਲੀਨਾ ਦੁਆਬਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਖੇਡ ਮੈਦਾਨ ਵਿਖੇ ਕਰਵਾਇਆ ਗਿਆ । ਟੂਰਨਾਮੈਂਟ ਦੇ ਆਖਰੀ ਦਿਨ ਕਰਵਾਏ ਗਏ ਫਾਈਨਲ ਮੈਚ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ, ਆਦਮਪੁਰ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਭਾਜਪਾ ਆਗੂ ਰਾਜੇਸ਼ ਬਾਘਾ ਅਤੇ ਡੀਐਸਪੀ ਆਦਮਪੁਰ ਸਰਬਜੀਤ ਸਿੰਘ ਰਾਏ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਕਿ ਸਰਪੰਚ ਕੁਲਵਿੰਦਰ ਬਾਘਾ ਅਤੇ ਟੂਰਨਾਮੈਂਟ ਆਯੋਜਕਾ ਵਲੋਂ ਨਿੱਘਾ ਸੁਆਗਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸੁਖਵਿੰਦਰ ਕੋਟਲੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਆਪਣੀ ਖੇਡ ਸਵਾਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਚੰਗੇ ਖਿਡਾਰੀ ਹੀ ਚੰਗਾ ਸਮਾਜ ਸਿਰਜ ਸਕਦੇ ਹਨ, ਇਸ ਲਈ ਖਿਡਾਰੀਆਂ ਨੂੰ ਆਪਣੀ ਖੇਡ ਨਿਖਾਰਦੇ ਹੋਏ ਸਮਾਜ ਪ੍ਤੀ ਆਪਣੀਆਂ ਜਿੰਮੇਵਾਰੀਆਂ ਨੂੰ ਵੀ ਬਾਖੂਬੀ ਢੰਗ ਨਾਲ ਨਿਭਾਉਣਾ ਚਾਹੀਦਾ ਹੈ । ਇਸ ਮੌਕੇ ਗੱਲਬਾਤ ਕਰਦਿਆ ਪਿੰਡ ਬੋਲੀਨਾ ਦੁਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਨੇ ਟੂਰਨਾਮੈਂਟ ਦੇ ਆਯੋਜਨ ਕਰਵਾਉਣ ‘ਤੇ ਬਾਬਾ ਭਗਤ ਰਾਮ ਸਪੋਰਟਸ ਕਲੱਬ ਬੋਲੀਨਾ ਦੋਆਬਾ, ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ, ਨਗਰ ਨਿਵਾਸੀਆਂ ਅਤੇ ਟੂਰਨਾਮੈਂਟ ਦੀ ਕਾਮਯਾਬੀ ਲਈ ਯੋਗਦਾਨ ਪਾਉਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ । ਬਾਘਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਹਰ ਪਿੰਡ ਸ਼ਹਿਰ ‘ਚ ਕਰਵਾਉਣਾ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਨਸ਼ਿਆਂ ਤੋਂ ਬਚਾਇਆ ਜਾ ਸਕੇ । ਇਸ ਮੌਕੇ ਜੇਤੂ ਰਹੀ ਸੰਸਾਰਪੁਰ ਅਤੇ ਦੂਜੇ ਨੰਬਰ ‘ਤੇ ਰਹੀ ਬਜਵਾੜਾ ਦੀ ਟੀਮ ਨੂੰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਰਪੰਚ ਕੁਲਵਿੰਦਰ ਬਾਘਾ, ਪੰਚ ਕਿਰਨ ਅਰੋੜਾ, ਪੰਚ ਹਰਪ੍ਰੀਤ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਜੱਥੇਦਾਰ ਜਸਵੀਰ ਸਿੰਘ, ਬਾਬਾ ਜਗਦੇਵ ਸਿੰਘ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਤਰਲੋਕ ਸਿੰਘ ਸਰਾਂ, ਲਹਿੰਬਰ ਸਿੰਘ,ਇਕਬਾਲ ਸਿੰਘ, ਗੁਰਜੰਟ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣਾ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।










