ਜਲੰਧਰ (PUNJAB DAINIK NEWS ) ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਥੇ ਦਾ ਪਿੰਡ ਜਮਸ਼ੇਰ ਖਾਸ ਪੁੱਜਣ ਭਰਵਾਂ ਸਵਾਗਤ ਕੀਤਾ ਗਿਆ। ਇਹ ਜਥਾ 27 ਨਵੰਬਰ ਨੂੰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਸ਼ੁਰੂ ਹੋਇਆ ਸੀ ਅਤੇ ਪੰਜਾਬ ਭਰ ਵਿੱਚ ਕਿਰਤੀਆਂ ਤੇ ਸਾਧਨਹੀਣ ਲੋਕਾਂ ਨੂੰ ਜਾਗਰੂਕ ਕਰਦਾ ਹੋਇਆ ਇੱਥੇ ਪਹੁੰਚਾ।ਜਥੇ ਦੀ ਅਗਵਾਈ ਕਰਦੇ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਇਹ ਜਥਾ ਮਾਰਚ ਬੇਜ਼ਮੀਨੇ ਤੇ ਸਾਧਨਹੀਣ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਨ੍ਹਾਂ ਦੇ ਮਸਲਿਆਂ ਲਈ ਤਿੱਖੇ ਸੰਘਰਸ਼ ਵਿੱਢਣ ਲਈ ਕੀਤਾ ਜਾ ਰਿਹਾ ਹੈ। ਕਿਉਂ ਕਿ ਦੇਸ਼ ਦੀ ਰਾਜਸਤਾ ਤੇ ਕਾਬਜ਼ ਫ਼ਿਰਕੂ ਫਾਸ਼ੀਵਾਦੀ ਮੋਦੀ ਸਰਕਾਰ ਨਵ ਉਦਾਰਵਾਦੀ ਨੀਤੀਆਂ ਲਾਗੂ ਕਰਕੇ ਪਬਲਿਕ ਸੈਕਟਰ ਸਾਰੇ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਨ੍ਹਾਂ ਤੋਂ ਮਕਰ ਰਹੀ ਅਤੇ ਹੱਕ ਮੰਗਦੇ ਲੋਕਾਂ ਦੇ ਡਾਂਗਾਂ ਮਾਰ ਰਹੀ ਹੈ ਉਪਰੋਕਤ ਆਗੂਆਂ ਨੇ ਕਿਹਾ ਕਿ ਮਿਹਨਤੀ ਲੋਕਾਂ ਦੇ ਭੱਖਦੇ ਮਸਲੇ ਜਿਵੇਂ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨਾ ਅਤੇ ਮਨਰੇਗਾ ਕਾਨੂੰਨ ਤਹਿਤ ਸਾਰਾ ਸਾਲ ਕੰਮ ਤੇ ਦਿਹਾੜੀ 700 ਰੁਪਏ ਦੇਣਾ, ਮਹਿੰਗਾਈ ਨੂੰ ਕਾਬੂ ਕਰਨਾ ਅਤੇ ਸਰਕਾਰੀ ਡੀਪੂ ਖੋਹਲ ਕੇ ਨਿੱਤ ਵਰਤੋਂ ਦੀਆਂ ਚੀਜ਼ਾਂ ਸਸਤੇ ਭਾਅ ਤੇ ਦੇਣਾ,ਪੰਚਾਇਤੀ ਜ਼ਮੀਨ ਦਾ 1/3 ਹਿੱਸਾ ਦਲਿਤਾਂ ਨੂੰ ਸਸਤੇ ਰੇਟ ‘ਤੇ ਠੇਕੇ ਤੇ ਦੇਣਾ, ਬੇਘਰੇ ਤੇ ਲੋੜਵੰਦਾਂ ਨੂੰ 5-5 ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ 5 ਲੱਖ ਰੁਪਏ ਦੀ ਗਰਾਂਟ ਦੇਣਾ, ਸਰਕਾਰੀ ਤੇ ਗੈਰਸਰਕਾਰੀ ਕਰਜ਼ਾ ਮੁਆਫ਼ ਕਰਨਾ, ਸਮਾਜਿਕ ਜ਼ਬਰ ਬੰਦ ਕਰਨ, ਸਿੱਖਿਆ ਤੇ ਸੇਹਤ ਸਹੂਲਤਾਂ ਦਾ ਮੁਫ਼ਤ ਪ੍ਰਬੰਧ ਕਰਨ, ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਮੁਫ਼ਤ ਦੇਣ ਦਾ ਪ੍ਰਬੰਧ ਕਰਨਾ ਅਤੇ ਕੋਆਪਰੇਟਿਵ ਸੁਸਾਇਟੀ ਵਿਚ ਹਿੱਸਾ ਪੁਆਉਣਾ ਅਤੇ ਹਰ ਕਰਜ਼ਾ ਇਕ ਲੱਖ ਰੁਪਏ ਕਰਨਾ ਆਦਿ ਮੰਗਾਂ ਲਈ ਸੰਘਰਸ਼ ਦਾ ਸੱਦਾ ਦਿੱਤਾ। ਇਸ ਮੌਕੇ ਸਭਾ ਦੇ ਸੂਬਾ ਪ੍ਰੈਸ ਸਕੱਤਰ ਸਾਥੀ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਲੋਕਾਂ ਸੰਵਿਧਾਨਕ ਹੱਕ ਖੋਹ ਰਹੀ ਹੈ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਮਜ਼ਦੂਰਾਂ ਨੂੰ ਮਿਲਦੀਆਂ ਸਹੂਲਤਾਂ ਬੰਦ ਕੀਤੀਆਂ ਜਾ ਰਹੀਆਂ ਹਨ। ਸਾਥੀ ਨੂਰਪੁਰੀ ਨੇ ਕਿਹਾ ਕਿ ਦੋਆਬਾ ਜੋਨ ਦੀ ਮਜ਼ਦੂਰ ਅਧਿਕਾਰ ਰੈਲੀ 27 ਦਸੰਬਰ ਨੂੰ ਨਕੋਦਰ ਵਿਖੇ ਕੀਤੀ ਜਾਵੇਗੀ ਜਿਸ ਵਿਚ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਕੀਤੀ। ਸਰਵਸਾਥੀ ਸੂਬਾ ਮੀਤ ਪ੍ਰਧਾਨ ਪਰਮਜੀਤ ਰੰਧਾਵਾ, ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲਸੀਆਂ, ਮੇਜਰ ਫਿਲੌਰ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਭਜਨ ਸਿੰਘ ਗਿੱਲ, ਪਰਮਜੀਤ ਬੁੱਬ, ਬਲਜੀਤ ਕੌਰ, ਮਨਜੀਤ ਕੌਰ ਸਾਬਕਾ ਪੰਚ, ਰਾਕੇਸ਼ ਚਿਤੇਵਾਣੀ ਹਾਜ਼ਰ ਸਨ।
