
ਜਲੰਧਰ,11 ਨਵੰਬਰ (ਪੰਜਾਬ ਦੈਨਿਕ ਨਿਊਜ਼ ) ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ,ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਬਲਦੇਵ ਸਿੰਘ ਨੂਰਪੁਰੀ ਦੀ ਅਗਵਾਈ ਹੇਠ ਜਥੇਬੰਦੀਆਂ ਦੀ ਆਈ ਜੀ ਜਲੰਧਰ ਰੇਂਜ ਜਲੰਧਰ ਨਾਲ ਉਹਨਾਂ ਦੇ ਦਫ਼ਤਰ ਵਿਖੇ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ।ਜਿਸ ਵਿੱਚ ਸਰਕਾਰੀ ਫ਼ੈਸਲੇ ਦੇ ਬਾਵਜੂਦ ਸੰਘਰਸ਼ਾਂ ਦੌਰਾਨ ਮਜ਼ਦੂਰਾਂ ਖਿਲਾਫ਼ ਜ਼ਿਲ੍ਹਾ ਜਲੰਧਰ ਦਿਹਾਤੀ ਅਤੇ ਕਪੂਰਥਲਾ ਵਿਖੇ ਦਰਜ ਕੇਸ ਰੱਦ ਕਰਨ ਸੰਬੰਧੀ ਅਮਲ ਨਾ ਹੋਣ ਸੰਬੰਧੀ ਕਾਫ਼ੀ ਗੰਭੀਰਤਾਂ ਨਾਲ ਗੱਲਬਾਤ ਹੋਈ ਅਤੇ ਉਹਨਾਂ(ਪੁਲਿਸ ਅਧਿਕਾਰੀ) ਨੇ ਇਸ ਸੰਬੰਧੀ ਜਲਦੀ ਹੀ ਇਹਨਾਂ ਕੇਸਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਆਗੂਆਂ ਨੇ ਦੱਸਿਆ ਕਿ ਰਿਹਾਇਸ਼ੀ ਪਲਾਟਾਂ ਦੀ ਮੰਗ ਨੂੰ ਲੈ ਕੇ ਪੰਚਾਇਤੀ ਜ਼ਮੀਨ ਵਿੱਚ ਧਰਨਾ ਦੇ ਰਹੇ ਪਿੰਡ ਸਰਦਾਰਵਾਲਾ ਲੋਹੀਆਂ ਖਾਸ ਦੇ ਬੇਜ਼ਮੀਨੇ ਦਲਿਤ ਮਜ਼ਦੂਰਾਂ ਉੱਪਰ ਜਾਤੀ ਹੰਕਾਰੀ ਲੋਕਾਂ ਵਲੋਂ ਹਮਲਾ ਕੀਤਾ ਗਿਆ। ਜ਼ਖਮੀ ਆਗੂਆਂ, ਮਜ਼ਦੂਰਾਂ ਨੂੰ ਪੁਲਿਸ ਨੇ ਮੌਕੇ ਉੱਤੇ ਪੁੱਜ ਕੇ ਹਸਪਤਾਲ ਭਰਤੀ ਕਰਵਾਇਆ।ਪੁਲਿਸ ਨੇ ਅੱਤਿਆਚਾਰ ਕਰਨ ਵਾਲਿਆਂ ਖਿਲਾਫ਼ ਐੱਸ ਸੀ,ਐੱਸ ਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਅਤੇ ਸਿਆਸੀ ਦਬਾਅ ਹੇਠ ਬੇਜ਼ਮੀਨੇ ਮਜ਼ਦੂਰਾਂ ਨੂੰ ਦਬਾਉਣ ਲਈ ਪੀੜਤਾਂ ਖਿਲਾਫ਼ ਵੀ ਝੂਠਾ ਕਰਾਸ ਦਰਜ ਕਰ ਲਿਆ,ਜੋ ਰੱਦ ਕੀਤਾ ਜਾਵੇ।ਉਨ੍ਹਾਂ ਇਸ ਮੌਕੇ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਮਹਿਤਪੁਰ ਸਬ ਤਹਿਸੀਲ ਅਧੀਨ ਪੈਂਦੇ ਪਿੰਡ ਉੱਧੋਵਾਲ ਵਿਖੇ ਇੱਕ ਧਾਰਮਿਕ ਡੇਰੇ ਦੇ ਮੁਖੀ ਨੂੰ ਨਿੱਜੀ ਲਾਭ ਪਹੁੰਚਾਉਣ ਲਈ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਤੇ ਦਲਿਤ ਮਜ਼ਦੂਰਾਂ ਦੀ ਰਿਹਾਇਸ਼ੀ ਕਲੋਨੀ ਚੋਂ ਧੱਕੇ ਨਾਲ ਸੜਕ ਕੱਢਣ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਸਮੇਤ ਬਜ਼ੁਰਗ ਔਰਤਾਂ ਖ਼ਿਲਾਫ਼ ਥਾਣਾ ਮਹਿਤਪੁਰ ਵਿਖੇ ਦਰਜ ਮੁਕੱਦਮਾ ਨੰਬਰ 177/2020 ਸੂਬਾ ਸਰਕਾਰ ਨੇ ਵਾਪਿਸ ਲੈਣ ਦਾ ਫ਼ੈਸਲਾ ਕਰਕੇ ਸਰਕਾਰੀ ਵਕੀਲ ਨਕੋਦਰ ਵਿਖੇ ਮਾਨਯੋਗ ਅਦਾਲਤ ਵਿੱਚ ਫ਼ੌਜਦਾਰੀ ਦੀ ਧਾਰਾ 321 ਸੀਆਰਪੀਸੀ ਤਹਿਤ ਅਰਜ਼ੀ ਦੇ ਕੇ ਕੇਸ ਵਾਪਸ ਲੈਣ ਦਾ ਆਦੇਸ ਦਿੱਤਾ।ਇਸ ਕੇਸ ਵਿੱਚ ਉਕਤ ਧਾਰਮਿਕ ਡੇਰੇ ਦੇ ਮੁਖੀ ਨੂੰ ਖੁਸ਼ ਕਰਨ ਲਈ ਸਰਕਾਰੀ ਆਦੇਸ਼ਾਂ ਦਾ ਸਰਕਾਰ ਦਾ ਕਰਮਚਾਰੀ,ਅਧਿਕਾਰੀ ਐਕਸੀਅਨ ਪੀ ਡਬਲਿਊ ਡੀ ਸਰਕਾਰ ਦੇ ਹੁਕਮਾਂ ਨੂੰ ਚੈਲਿੰਜ ਕਰਦਾ ਹੋਇਆ,ਇਸ ਮਸਲੇ ਨੂੰ ਨਿੱਜੀ ਬਣਾ ਬੈਠਾ ਅਤੇ ਕੇਸ ਨੂੰ ਰੱਦ ਕਰਨ ਦਾ ਵਿਰੋਧ ਕਰੀ ਜਾ ਰਿਹਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਦੇ ਤਤਕਾਲੀ ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਵਲੋਂ ਪਿੰਡ ਬੂਲਾ ਦੇ ਦਲਿਤ ਮਜ਼ਦੂਰ ਪਰਿਵਾਰ ਦੇ ਵਰਦੀ ਦੇ ਰੋਅਬ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਰੱਖਤਾਂ ਦੀ ਕਟਾਈ ਕਰਵਾਉਣ ਅਤੇ ਨਾਬਾਲਗ ਲੜਕੇ ਦੀ ਕੁੱਟਮਾਰ ਕਰਨ ਦੇ ਮਸਲੇ ਅਤੇ ਦੋ ਥਾਣੇਦਾਰ ਭਰਾਵਾਂ ਜਿਹਨਾਂ ਚੋਂ ਇੱਕ ਜਲੰਧਰ ਦਿਹਾਤੀ ਪੁਲਿਸ ਦੀ ਇੱਕ ਚੌਂਕੀ ਦਾ ਇੰਚਾਰਜ਼ ਤਾਇਨਾਤ ਹੈ ਵਲੋਂ ਇੱਕ ਗਰੀਬ ਵਿਅਕਤੀ ਦੀ ਇੱਕ ਏਕੜ ਤੋਂ ਵੱਧ ਜ਼ਮੀਨ ਦੀ ਧੋਖਾਧੜੀ ਕਰਦਿਆਂ ਆਪਣੀ ਭੈਣ ਦੇ ਨਾਂ ਰਜਿਸਟਰੀ ਕਰਵਾਉਣ ਦੇ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਹੋਰ ਮਾਮਲਿਆਂ ਵਿੱਚ ਪੁਲਿਸ ਵਲੋਂ ਇਨਸਾਫ਼ ਨਾ ਦੇਣ ਦਾ ਰੋਸ ਪ੍ਰਗਟ ਕਰਨ ਉੱਤੇ ਉਹਨਾਂ ਇਨਸਾਫ਼ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਦਰਜ ਕੇਸ ਰੱਦ ਨਾ ਹੋਵੇ,ਪੀੜਤ ਬੇਜ਼ਮੀਨੇ ਦਲਿਤ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਹੋਰਨਾਂ ਮਜ਼ਦੂਰ ਮੰਗਾਂ ਦੇ ਹੱਲ ਲਈ ਤੋਂ ਇਹਨਾਂ ਮਸਲਿਆਂ ਦੇ ਠੋਸ ਨਿਪਟਾਰੇ ਲਈ 30 ਨਵੰਬਰ ਨੂੰ ਸੰਗਰੂਰ ਸਥਿਤ ਮੁੱਖ ਮੰਤਰੀ ਦੇ ਘਰ ਕੁੰਡਾਂ ਹਰ ਹਾਲ ਖੜਕਾਇਆ ਜਾਵੇਗਾ।ਮੀਟਿੰਗ ਵਿੱਚ ਪੇਂਡੂ ਅਤੇ ਖੇਤ ਮਜ਼ਦੂਰ ਆਗੂਆਂ ਗੁਰਪ੍ਰੀਤ ਸਿੰਘ ਚੀਦਾ,ਟੋਨੀ ਰਸੂਲਪੁਰ,ਵੀਰ ਕੁਮਾਰ ਆਦਿ ਵੀ ਹਾਜ਼ਰ ਸਨ।

