
ਜਲੰਧਰ, 26 ਅਕਤੂਬਰ (ਮੁਨੀਸ਼ ਤੋਖੀ) ਸੰਤ ਨਾਮਦੇਵ ਕਸ਼ੱਤਰੀਆ (ਟਾਂਕ) ਸਭਾ ਜਲੰਧਰ ਵੱਲੋਂ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 752ਵੇਂ ਪ੍ਰਕਾਸ਼ ਉਤਸਵ ਸਬੰਧੀ ਸੂਬਾ ਪੱਧਰੀ ਸਮਾਗਮ 30 ਅਕਤੂਬਰ ਨੂੰ ਸੰਤ ਨਾਮਦੇਵ ਭਵਨ ਮਾਡਲ ਹਾਊਸ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਵਿਧਾਇਕ ਸ਼ੀਤਲ ਅੰਗੁਰਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਭਾ ਦੇ ਪ੍ਰਧਾਨ ਮਨੋਹਰ ਲਾਲ ਨੇ ਦੱਸਿਆ ਕਿ ਸਮਾਗਮ ਦੌਰਾਨ ਮਹਾਂ ਮੰਡਲੇਸ਼ਵਰ ਸਵਾਮੀ ਸ਼ਾਂਤਾ ਨੰਦ ਜੀ ਕਥਾ ਕਰਨਗੇ ਅਤੇ ਭਾਈ ਲਾਲ ਸਿੰਘ ਦਾ ਜਥਾ ਤੇ ਸੰਤ ਨਾਮਦੇਵ ਕੋ-ਐਜੂਕੇਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਦੇ ਜਥੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਮੌਕੇ ਸੈਂਟਰਲ ਯੂਨੀਵਰਸਿਟੀ ਪਾਲਮਪੁਰ ਦੇ ਚਾਂਸਲਰ ਡਾ. ਹਰਮੋਹਿੰਦਰ ਸਿੰਘ ਬੇਦੀ, ਸੰਤ ਨਾਮਦੇਵ ਜੀ ਦੇ ਜੀਵਨ ’ਤੇ ਵਿਸ਼ੇਸ਼ ਲੈਕਚਰ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਹਿਮ ਸ਼ਖ਼ਸੀਅਤਾਂ ਤੋਂ ਇਲਾਵਾ ਖੇਡਾਂ ਤੇ ਪੜ੍ਹਾਈ ’ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਜਿਨ੍ਹਾਂ ਲੜਕਿਆਂ ਨੇ ਬਿਨਾਂ ਦਾਜ ਤੋਂ ਵਿਆਹ ਸਾਦੇ ਢੰਗ ਨਾਲ ਕਰਵਾਇਆ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸੇ ਦੌਰਾਨ 80 ਸਾਲ ਜਾਂ ਉਪਰ ਉਮਰ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ ਅਤੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ। ਅੰਤ ’ਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

