
ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਸ਼ਹਿਰ ਵਿੱਚ ਇੱਕ ਹੀ ਦਿਨ ਦੌਰਾਨ ਵਾਪਰੀਆਂ ਦੋ ਗੰਭੀਰ ਅਪਰਾਧਿਕ ਘਟਨਾਵਾਂ ਨੇ ਪੰਜਾਬ ਸਰਕਾਰ ਦੀ ਕਾਨੂੰਨ-ਵਿਵਸਥਾ ਉੱਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।ਪਹਿਲੀ ਘਟਨਾ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਸਥਾਨਕ ਆਗੂ ਦੀ ਨਿਰਮਮ ਹੱਤਿਆ ਕਰ ਦਿੱਤੀ ਗਈ, ਜਿਸ ਨਾਲ ਸਾਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੂਜੀ ਘਟਨਾ ਵਿੱਚ ਸ਼ਹਿਰ ਦੇ ਅਰਬਨ ਇਲਾਕੇ ਵਿੱਚ ਕਰੀਬ 20 ਲੱਖ ਰੁਪਏ ਦੀ ਵੱਡੀ ਲੁੱਟ ਹੋਈ, ਜੋ ਇਹ ਸਾਬਤ ਕਰਦੀ ਹੈ ਕਿ ਅਪਰਾਧੀ ਬਿਨਾਂ ਕਿਸੇ ਡਰ ਦੇ ਖੁੱਲ੍ਹੇਆਮ ਘੁੰਮ ਰਹੇ ਹਨ।ਇੱਕ ਹੀ ਦਿਨ ਵਿੱਚ ਦੋ ਵੱਡੇ ਅਪਰਾਧ ਹੋਣਾ ਇਹ ਦਰਸਾਉਂਦਾ ਹੈ ਕਿ ਜਲੰਧਰ ‘ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਹ ਸ਼ਹਿਰ, ਜੋ ਅੱਜਕੱਲ੍ਹ ਮੁੱਖ ਮੰਤਰੀ ਦੀ ਦੂਜੀ ਰਹਾਇਸ਼ ਵੀ ਬਣ ਚੁੱਕਾ ਹੈ, ਉੱਥੇ ਹੀ ਅਪਰਾਧ ਬੇਕਾਬੂ ਹੋ ਜਾਣਾ ਸਰਕਾਰ ਦੀ ਵੱਡੀ ਨਾਕਾਮੀ ਨੂੰ ਬੇਨਕਾਬ ਕਰਦਾ ਹੈ। ਪਿਛਲੇ ਕਈ ਮਹੀਨਿਆਂ ਤੋਂ ਜਲੰਧਰ ਧਮਕੀ ਭਰੇ ਫੋਨਾਂ, ਵਸੂਲੀ ਕਾਲਾਂ, ਲੁੱਟਾਂ, ਗੋਲੀਆਂ, ਕਤਲ ਅਤੇ ਹੋ ਗੰਭੀਰ ਅਪਰਾਧਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਵਪਾਰੀ, ਉਦਯੋਗਪਤੀ, ਸਮਾਜਿਕ ਆਗੂ ਅਤੇ ਆਮ ਨਾਗਰਿਕ ਸਭ ਡਰ ਅਤੇ ਅਣਸੁਰੱਖਿਆ ਦੇ ਸਾਏ ਹੇਠ ਜੀਉਣ ਲਈ ਮਜਬੂਰ ਹਨ, ਪਰ ਸਰਕਾਰ ਪੂਰੀ ਤਰ੍ਹਾਂ ਸੁੱਤੀ ਪਈ ਹੈ।ਆਪ ਸਰਕਾਰ ਵੱਲੋਂ ਕਾਨੂੰਨ-ਵਿਵਸਥਾ ਬਾਰੇ ਕੀਤੇ ਗਏ ਦਾਅਵੇ ਅੱਜ ਖੋਖਲੇ ਸਾਬਤ ਹੋ ਰਹੇ ਹਨ। ਅਪਰਾਧ ਰੋਕਣ ਲਈ ਕੋਈ ਠੋਸ ਯੋਜਨਾ ਨਹੀਂ, ਸਗੋਂ ਹਰ ਵਾਰੀ ਘਟਨਾ ਹੋਣ ਤੋਂ ਬਾਅਦ ਹੀ ਕਾਰਵਾਈ ਦਾ ਡਰਾਮਾ ਕੀਤਾ ਜਾਂਦਾ ਹੈ, ਜੋ ਕਿ ਬਿਲਕੁਲ ਨਾਕਾਫ਼ੀ ਹੈ।ਇਹ ਬਹੁਤ ਹੀ ਦੁੱਖਦਾਈ ਅਤੇ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਲੋਕ ਅੱਜ ਆਪਣੇ ਹੀ ਸ਼ਹਿਰਾਂ ਵਿੱਚ ਡਰ ਦੇ ਮਾਹੌਲ ‘ਚ ਜੀ ਰਹੇ ਹਨ, ਜਦਕਿ ਅਪਰਾਧੀ ਬੇਖੌਫ਼ ਘੁੰਮ ਰਹੇ ਹਨ। ਸਰਕਾਰ ਨੂੰ ਤੁਰੰਤ ਸਖ਼ਤ ਕਦਮ ਚੁੱਕ ਕੇ ਪੁਲਿਸ ਪ੍ਰਸ਼ਾਸਨ ਨੂੰ ਮਜ਼ਬੂਤ ਕਰਨਾ, ਖੁਫ਼ੀਆ ਤੰਤਰ ਤਾਕਤਵਰ ਬਣਾਉਣਾ ਅਤੇ ਲੋਕਾਂ ਦਾ ਭਰੋਸਾ ਬਹਾਲ ਕਰਨਾ ਚਾਹੀਦਾ ਹੈ।ਪੰਜਾਬ ਨੂੰ ਅਮਨ, ਸੁਰੱਖਿਆ ਅਤੇ ਸਥਿਰਤਾ ਦੀ ਲੋੜ ਹੈ-ਨਾ ਕਿ ਡਰ, ਅਰਾਜਕਤਾ ਅਤੇ ਅਪਰਾਧੀ ਰਾਜ ਦੀ।
MUNISH TOKHI