



ਜਲੰਧਰ 20 ਜੁਲਾਈ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਅਦਾਰੇ ‘ਅਜੀਤ’ ਦੀ ਸੀਨੀਅਰ ਐਗਜ਼ਿਕਿਊਟਿਵ ਮੈਡਮ ਗੁਰਜੋਤ ਕੌਰ ਨੂੰ ਲਗਾਤਾਰ ਛੇਵੀਂ ਵਾਰ ਯੂਨੀਵਰਸਿਟੀ ਦੇ ਬੋਰਡ ਆਫ ਕੰਟਰੋਲ ਦਾ ਮੈਂਬਰ ਨਿਯੁਕਤ ਕੀਤਾ ਹੈ। ਉਹ 1 ਜੁਲਾਈ 2026 ਤੋਂ 30 ਜੂਨ 2027 ਤੱਕ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਇਸ ਅਹਿਮ ਜ਼ਿੰਮੇਵਾਰੀ ਨੂੰ ਨਿਭਾਉਣਗੇ।ਜ਼ਿਕਰਯੋਗ ਹੈ ਕਿ ਬੋਰਡ ਆਫ ਕੰਟਰੋਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਭ ਤੋਂ ਮਹੱਤਵਪੂਰਨ ਅਕਾਦਮਿਕ ਸੰਸਥਾ ਹੈ, ਜੋ ਪੰਜਾਬੀ ਵਿਸ਼ੇ ਦਾ ਮੁੱਢਲੇ ਪੱਧਰ ਤੋਂ ਲੈ ਕੇ ਪੀ.ਐੱਚ.ਡੀ. ਤੱਕ ਦਾ ਸਿਲੇਬਸ ਤਿਆਰ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ।
ਮੈਡਮ ਗੁਰਜੋਤ ਕੌਰ ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਬੋਰਡ ਆਫ ਸਟੱਡੀਜ਼ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਵੱਲੋਂ ਜਾਰੀ ਕੀਤੀਆਂ ਨਿਯੁਕਤੀਆਂ ਅਨੁਸਾਰ ਪ੍ਰੋ. ਡਾ. ਮਨਜਿੰਦਰ ਸਿੰਘ ਨੂੰ ਚੇਅਰਪਰਸਨ, ਪ੍ਰੋ. ਡਾ. ਰਵੀ ਰਵਿੰਦਰ (ਦਿੱਲੀ ਯੂਨੀਵਰਸਿਟੀ) ਨੂੰ ਵਿਸ਼ਾ ਮਾਹਿਰ ਅਤੇ ਡਾ. ਬਲਜੀਤ ਕੌਰ, ਡਾ. ਹਰਿੰਦਰ ਕੌਰ, ਡਾ. ਮੇਘਾ ਸਲਵਾਨ, ਡਾ. ਰਾਜਵਿੰਦਰ ਕੌਰ ਅਤੇ ਡਾ. ਸਿਮਰਨਜੀਤ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਮੈਡਮ ਗੁਰਜੋਤ ਕੌਰ ਨੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਆਪਣੇ ਪਿਤਾ ਪਦਮ ਵਿਭੂਸ਼ਣ ਡਾ. ਬਰਜਿੰਦਰ ਸਿੰਘ ਹਮਦਰਦ ਤੋਂ ਮਿਲੀ ਪ੍ਰੇਰਣਾ ਸਦਕਾ ਉਹ ਹਮੇਸ਼ਾ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਲਈ ਯਤਨਸ਼ੀਲ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਦੇ ਨਾਲ-ਨਾਲ ਵਿਦਿਆਰਥੀਆਂ ਲਈ ਪੰਜਾਬੀ ਭਾਸ਼ਾ ਰਾਹੀਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਆਧੁਨਿਕ ਤਰੀਕਿਆਂ ਨਾਲ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਉਹ ਪਹਿਲਾਂ ਵਾਂਗ ਲਗਾਤਾਰ ਉਪਰਾਲੇ ਕਰਦੇ ਰਹਿਣਗੇ।
