


ਕਪੂਰਥਲਾ/ਢਿੱਲਵਾਂ (ਪੰਜਾਬ ਦੈਨਿਕ ਨਿਊਜ਼) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੇਮ ਕੁਮਾਰ ਦੇ ਹੁਕਮਾਂ ਅਨੁਸਾਰ ਬਲਾਕ ਢਿੱਲਵਾਂ ਅਧੀਨ ਵੱਖ-ਵੱਖ ਥਾਵਾਂ ਤੇ “ਵਿਸ਼ਵ ਮਲੇਰੀਆ ਦਿਵਸ” ਮਨਾਇਆ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਹਰ ਸਾਲ 25 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਇੱਕ ਘਾਤਕ ਬਿਮਾਰੀ ਹੈ, ਮਲੇਰੀਆ ਬੁਖ਼ਾਰ ਮਾਦਾ ਮੱਛਰ ‘ਐਨਾਫਲੀਜ’ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹੇ ਪਾਣੀ ‘ਚ ਪੈਦਾ ਹੁੰਦਾ ਹੈ। ਇਸ ਲਈ ਆਪਣੇ ਆਲੇ-ਦੁਆਲੇ ਕਿਸੇ ਵੀ ਥਾਂ ‘ਤੇ ਪਾਣੀ ਖੜਾ ਨਾ ਹੋਣ ਦਿਓ । ਉਨ੍ਹਾਂ ਦੱਸਿਆ ਕਿ ਮਾਦਾ ਮੱਛਰ ‘ਐਨਾਫਲੀਜ’ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਇਸ ਦੇ ਲੱਛਣ ਠੰਢ ਅਤੇ ਕਾਂਬੇ ਨਾਲ ਬੁਖ਼ਾਰ, ਤੇਜ਼ ਬੁਖ਼ਾਰ ਤੇ ਸਿਰਦਰਦ, ਬੁਖ਼ਾਰ ਉਤਰਨ ਤੋਂ ਬਾਅਦ ਥਕਾਵਟ ਕਮਜ਼ੋਰੀ ਤੇ ਪਸੀਨਾ ਆਉਣਾ ਆਦਿ ਹੁੰਦੇ ਹਨ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਮਲੇਰੀਆ ਦੀ ਜਾਂਚ ਸਾਰੇ ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਕੀਤੀ ਜਾਂਦੀ ਹੈ ਅਤੇ ਇਲਾਜ ਵੀ ਮੁਫਤ ਹੁੰਦਾ ਹੈ। ਇਸ ਤਹਿਤ ਸਰਕਾਰੀ ਸਕੂਲ ਢਿੱਲਵਾਂ, ਸਰਕਾਰੀ ਹਾਈ ਸਕੂਲ ਸੁਭਾਨਪੁਰ, ਸੁਭਾਨਪੁਰ ਬਜ਼ਾਰ, ਸਰਕਾਰੀ ਸਕੂਲ ਲੱਖਣ ਖੁਰਦ ਅਤੇ ਢਿੱਲਵਾਂ ਦੇ ਵੱਖ-ਵੱਖ ਵਾਰਡਾਂ ਵਿੱਚ ਸਿਹਤ ਸੁਪਰਵਾਈਜ਼ਰ ਅਤੇ ਮ.ਪ.ਹ.ਵ ਵੱਲੋਂ ਮਲੇਰੀਆ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਬੀ.ਈ.ਈ ਮੋਨਿਕਾ, ਐਸ.ਆਈ ਸਰਬਜੀਤ ਸਿੰਘ, ਜਸਵਿੰਦਰ ਸਿੰਘ, ਪ੍ਰਗਟ ਸਿੰਘ, ਅਤੇ ਐਮ.ਪੀ.ਐਚ.ਡਬਲਿਓ ਰੁਪਿੰਦਰਜੀਤ ਸਿੰਘ, ਸੁਖਦੇਵ ਸਿੰਘ, ਪ੍ਰਭਜੋਤ ਸਿੰਘ, ਯਾਦਵਿੰਦਰ ਸਿੰਘ, ਪਰਮਜੀਤ ਸਿੰਘ, ਲਵਦੀਪ ਸਿੰਘ , ਬਲਜਿੰਦਰ ਸਿੰਘ, ਸਤਨਾਮ ਸਿੰਘ, ਦਲਜੀਤ ਸਿੰਘ, ਅਰੁਨ ਕੁਮਾਰ ਆਦਿ ਸਮੂਹ ਸਟਾਫ ਹਾਜਰ ਸਨ।
ਜੀ.ਐਨ.ਪੀ.ਕੇ ਦੇ ਵਿਦਿਆਰਥੀਆਂ ਨੂੰ ਮਲੇਰੀਆ ਸਬੰਧੀ ਕੀਤਾ ਜਾਗਰੂਕ
ਇਸੇ ਤਹਿਤ ਜੀ.ਐਨ.ਪੀ.ਕੇ ਸਕੂਲ ਨਡਾਲਾ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਸੁਪਰਵਾਈਜ਼ਰ ਜਸਵਿੰਦਰ ਸਿੰਘ ਨੇ ਸਮੂਹ ਵਿਦਿਆਰਥੀਆਂ ਨੂੰ ਮਲੇਰੀਆ ਦੇ ਲੱਛਣਾਂ ਅਤੇ ਰੋਕਥਾਮ ਸਬੰਧੀ ਵਿਸਥਾਰ ਨਾਲ ਜਾਣੂ ਕਰਾਇਆ। ਇਸ ਦੌਰਾਨ ਐਸ.ਆਈ ਜਸਵਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਮਲੇਰੀਆ ਜਾਗਰੂਕਤਾ ਮੁਹਿੰਮ ਵਿੱਚ ਆਪਣਾ ਸਹਿਯੋਗ ਦੇਣ ਲਈ ਸਮੂਹ ਵਿਦਿਆਰਥੀਆਂ ਅਤੇ ਸਕੂਲ ਦੇ ਅਧਿਆਪਕਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮੱਛਰ ਤੋਂ ਬਚਣ ਲਈ ਮੱਛਰਦਾਨੀ ਅਤੇ ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਮਲੇਰੀਆ ਜਾਗਰੂਕਤਾ ਸੰਬੰਧੀ ਤਸਵੀਰਾਂ ਵੀ ਬਣਾਈਆਂ ਗਈਆਂ।
