ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਦਿਹਾਤੀ ਮਜਦੂਰ ਸਭਾ ਵਲੋਂ, ਸੂਬੇ ਦੇ ਬੇਜਮੀਨੇ-ਸਾਧਨਹੀਨ ਕਿਰਤੀਆਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਇੱਥੋਂ ਦੇ ਡਵੀਜ਼ਨਲ ਕਮਿਸ਼ਨਰ ਜਲੰਧਰ ਦੇ ਦਫਤਰ ਮੂਹਰੇ ਮਾਰਿਆ ਗਿਆ ਦਿਨ-ਰਾਤ ਦਾ ਤਿੰਨ ਰੋਜ਼ਾ ਵਿਸਾਲ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।ਇਸ ਵਿਚ ਮਾਲਵੇ ਦੇ ਜਿਲ੍ਹਿਆਂ ਚੋਂ ਗੁਰਮੀਤ ਸਿੰਘ ਬਠਿੰਡਾ, ਜਗਜੀਤ ਸਿੰਘ ਜੱਸੇਆਣਾ ਤੇ ਹਰਜੀਤ ਸਿੰਘ ਮਦਰੱਸਾ ਸ਼੍ਰੀ ਮੁਕਤਸਰ ਸਾਹਿਬ, ਬਲਕਾਰ ਸਿੰਘ ਔਲਖ ਫਰੀਦਕੋਟ, ਜੱਗਾ ਸਿੰਘ ਖੂਹੀਆਂ ਸਰਵਰ ਫਾਜ਼ਿਲਕਾ, ਸੁਖਦੇਵ ਸਿੰਘ ਨਿਆਲ ਪਟਿਆਲਾ, ਬਲਜੀਤ ਸਿੰਘ ਗੋਰਸੀਆਂ ਖਾਨ ਮੁਹੰਮਦ ਤੇ ਮਲਕੀਤ ਸਿੰਘ ਲੁਧਿਆਣਾ ਦੀ ਅਗਵਾਈ ਹੇਠ ਭਾਰੀ ਗਿਣਤੀ ਔਰਤਾਂ ਸਮੇਤ ਸੈਂਕੜੇ ਕਿਰਤੀ ਸਾਮਲ ਹੋਏ।ਧਰਨਾਕਾਰੀਆਂ ਦੀਆਂ ਮੰਗਾਂ ਦਾ ਸਮਰਥਨ ਕਰਨ ਅਤੇ ਜਿੱਤ ਦੀਆਂ ਸ਼ੁਭਕਾਮਨਾਵਾਂ ਭੇਟ ਕਰਨ ਲਈ ਉਚੇਚੇ ਪੁੱਜੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਪਰਗਟ ਸਿੰਘ ਜਾਮਾਰਾਏ ਨੇ ਦੇਸ਼ ਨੂੰ ਕੰਗਾਲ ਬਣਾ ਰਹੀਆਂ ਨਵਉਦਾਰਵਾਦੀ ਨੀਤੀਆਂ ਅਤੇ ਕਿਰਤੀ-ਕਿਸਾਨਾਂ, ਮਿਹਨਤੀਆਂ ਦੀ ਏਕਤਾ ਨੂੰ ਲੀਰੋ ਲੀਰ ਕਰ ਰਹੀਆਂ ਫਿਰਕੂ-ਫਾਸ਼ੀ, ਵੰਡਵਾਦੀ ਤਾਕਤਾਂ ਦੇ ਮਨਸੂਬੇ ਫੇਲ੍ਹ ਕਰਨ ਲਈ ਪੂਰੀ ਸ਼ਕਤੀ ਨਾਲ ਜੂਝਣ ਦਾ ਸੱਦਾ ਦਿੱਤਾ।ਇਸ ਮੌਕੇ ਸੰਬੋਧਨ ਕਰਦਿਆਂ ਸੂਬੇ ਦੇ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ, ਮੀਤ ਸਕੱਤਰ ਪ੍ਰਕਾਸ ਸਿੰਘ ਨੰਦਗੜ੍ਹ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸੰਵਿਧਾਨਕ ਹੱਕਾਂ ਤਹਿਤ ਵਾਜ਼ਬ ਮੰਗਾਂ ਮਨਵਾਉਣ ਲਈ ਜੂਝ ਰਹੇ ਲੋਕਾਂ ਨੂੰ ਦੀ ਅਵਾਜ ਲਾਠੀ-ਗੋਲੀ ਨਾਲ ਅਤੇ ਲੜਦੇ ਲੋਕਾਂ ਨੂੰ ਜੇਲ੍ਹੀਂ ਸੁੱਟ ਕੇ ਬੰਦ ਨਹੀਂ ਕਰ ਸਕੇਗੀ।ਆਗੂਆਂ ਨੇ ਪਿੰਡ ਚੰਦਭਾਨ ਵਿਚ ਦੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ‘ਚ ਜੈਤੋ ਦੇ ਐਮਐਲਏ ਦੀ ਸਹਿ ਤੇ ਅੜਿੱਕਾ ਪਾਉਣ ਵਾਲੇ ਹੈਂਕੜਬਾਜ਼ ਧਨਾਢਾਂ, ਜਿਨ੍ਹਾਂ ਨੇ ਗੋਲੀਆਂ ਚਲਾ ਕੇ ਮਜਦੂਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਖਿਲਾਫ਼ ਕੇਸ ਦਰਜ ਨਾ ਹੋਣ ਦੇ ਬਾਵਜੂਦ ਪੁਲਿਸ-ਪ੍ਰਸਾਸਨ ਵਲੋਂ ਉਨ੍ਹਾਂ ਨੂੰ ਸਰਕਾਰ ਦੀ ਗੁੱਝੀ ਹਿਦਾਇਤ ਅਨੁਸਾਰ ਗਿ੍ਰਫਤਾਰ ਨਾ ਕਰਨ ਦੀ ਜੋਰਦਾਰ ਨਿਖੇਧੀ ਕਰਦਿਆਂ ਉਕਤ ਮਾਮਲੇ ਵਿਚ ਪ੍ਰਸ਼ਾਸਨ ਅਤੇ ‘ਚੰਦਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ‘ ਦਰਮਿਆਨ ਹੋਇਆ ਸਮਝੌਤਾ ਇੰਨ-ਬਿੰਨ ਲਾਗੂ ਕਰਨ ਦੀ ਮੰਗ ਕੀਤੀ।ਉਨ੍ਹਾਂ, ਸੀਡ ਫਾਰਮ ਅਬੋਹਰ ਵਿਖੇ 1947 ਤੋਂ ਕਾਬਜ ਆਬਾਦਕਾਰ, ਜਿਨ੍ਹਾਂ ਦੇ ਨਾਂ ਗਿਰਦਾਵਰੀ ਵੀ ਹੈ ਤੇ ਮੋਟਰਾਂ ਦੇ ਬਿਜਲੀ ਕੁਨੈਕਸਨ ਵੀ ਮਿਲੇ ਹੋਏ ਹਨ, ਨੂੰ ਭਰਤ ਮਾਲਾ ਪ੍ਰਾਜੈਕਟ ਲਈ ਜਮੀਨ ਅਕੁਆਇਰ ਕਰਨ ਸਮੇਂ ਕੇਂਦਰੀ ਤੇ ਪੰਜਾਬ ਸਰਕਾਰ ਵਲੋਂ ਬਿਨਾਂ ਮੁਆਵਜਾ ਉਜਾੜੇ ਜਾਣ ਦੇ ਕੋਝੇ ਯਤਨ ਬੰਦ ਕਰਨ ਦੀ ਮੰਗ ਕੀਤੀ। ਯਾਦ ਰਹੇ ਪਿਛਲੇ ਦਿਨੀਂ ਪੁਲਿਸ-ਪ੍ਰਸਾਸਨ ਨੇ ਔਰਤਾਂ ਸਮੇਤ ਸ਼ਾਂਤਮਈ ਵਿਰੋਧ ਕਰ ਰਹੇ ਸੈਂਕੜੇ ਆਬਾਦਕਾਰਾਂ ਨੂੰ ਗਿ੍ਰਫਤਾਰ ਕਰ ਲਿਆ ਸੀ।ਮਜਦੂਰ ਆਗੂਆਂ ਨੇ ਜਮੀਨੀ ਹੱਦਬੰਦੀ ਕਾਨੂੰਨ ਤਹਿਤ ਨਿਕਲਦੀ ਵਾਧੂ ਭੋਇੰ ਬੇਜਮੀਨੇ ਖੇਤ ਮਜ਼ਦੂਰਾਂ ‘ਚ ਵੰਡੇ ਜਾਣ ਦੀ ਸੰਵਿਧਾਨਕ ਮੰਗ ਲਈ ਲੜ ਰਹੇ ਸੰਗਰੂਰ ਜਿਲ੍ਹੇ ਦੇ ਦਲਿਤ ਕਿਰਤੀਆਂ ਨੂੰ ਗਿ੍ਰਫਤਾਰ ਕਰਨ ਦੀ ਨਿਖੇਧੀ ਕਰਦਿਆਂ ਬੰਜਰ, ਨਜੂਲ ਅਤੇ ਸਾਮਲਾਤ ਜਮੀਨਾਂ ਖੇਤ ਮਜ਼ਦੂਰਾਂ ‘ਚ ਵੰਡੇ ਜਾਣ ਦੀ ਮੰਗ ਕੀਤੀ।ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕੁਝ ਕੁ ਮਹੀਨਿਆਂ ‘ਚ ‘ਆਪ‘ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਹਿ ‘ਤੇ ਆਪੋ-ਆਪਣੀਆਂ ਮੰਗਾਂ ਲਈ ਲੜ ਰਹੀ ਤਕਰੀਬਨ ਹਰ ਤਬਕੇ ਦੀ ਜੱਥੇਬੰਦੀ ‘ਤੇ ਜਬਰ ਢਾਹਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਦੇ ਜੁਝਾਰੂ ਵਿਰਸੇ ਨੂੰ ਨਜਰਅੰਦਾਜ ਕਰਨ ਦੀ ਕੋਸ਼ਿਸ਼ ਨਾ ਕਰਨ।ਆਗੂਆਂ ਨੇ ਧਰਨੇ ਦੀ ਸਫਲਤਾ ਲਈ ਸੂਬੇ ਭਰ ਚੋਂ ਮਾਇਆ ਅਤੇ ਲੰਗਰ ਲਈ ਰਸਦ ਭੇਜਣ ਵਾਲੇ ਪੰਜਾਬ ਦੇ ਸਾਦੇ-ਮੁਰਾਦੇ ਕਿਰਤੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਹੈ। ਧਰਨਾ ਭਲਕੇ ਵੀ ਜਾਰੀ ਰਹੇਗਾ।
