ਜਲੰਧਰ, 27 ਮਈ (PUNJAB DAINIK NEWS ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ 30 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਹ ਸਮਾਗਮ ਨਕਸਲੀ ਲਹਿਰ ਦੇ ਪ੍ਰਮੁੱਖ ਆਗੂ ਅਤੇ ਸੀ.ਪੀ.ਆਈ.(ਐੱਮ.-ਐੱਲ.) ਦੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਕਾਮਰੇਡ ਸੱਤਿਆਨਰਾਇਣ ਸਿੰਘ ਦੀ ਯਾਦ ਵਿੱਚ ਉਹਨਾਂ ਦੇ 100ਵੇਂ ਜਨਮ ਦਿਹਾੜੇ ਮੌਕੇ ਕੀਤਾ ਜਾ ਰਿਹਾ ਹੈ।ਪਾਰਟੀ ਦੇ ਬੁਲਾਰੇ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਕਾਮਰੇਡ ਸੱਤਿਆਨਰਾਇਣ ਸਿੰਘ ਨਕਸਲੀ ਲਹਿਰ ਦੀ ਮੋਹਰਲੀ ਕਤਾਰ ਦੇ ਆਗੂਆਂ ਵਿੱਚੋਂ ਇੱਕ ਸਨ ਅਤੇ ਉਹ ਪਾਰਟੀ ਦੇ ਜਨਰਲ ਸਕੱਤਰ ਰਹੇ। ਉਨ੍ਹਾਂ ਕਿਹਾ ਕਿ ਨਕਸਲੀ ਲਹਿਰ ਨੇ ਦੇਸ਼ ਦੀ ਕਮਿਊਨਿਸਟ ਲਹਿਰ ਵਿੱਚ ਸੋਧਵਾਦ, ਸੁਧਾਰਵਾਦ ਅਤੇ ਪਾਰਲੀਮਾਨੀਵਾਦ ਨੂੰ ਰੱਦ ਕਰਦੇ ਹੋਏ ਦੇਸ਼ ਦੇ ਲੋਕਾਂ ਸਾਹਮਣੇ ਨਵ-ਜਮਹੂਰੀ ਇਨਕਲਾਬ ਦੀ ਸੰਪੂਰਨਤ ਲਈ ਲੋਕਯੁੱਧ ਦਾ ਰਾਹ ਪੇਸ਼ ਕੀਤਾ।ਉਨ੍ਹਾ ਕਿਹਾ ਕਿ ਦੇਸ਼ ਦੀਆਂ ਸਿਆਸੀ ਪਾਰਟੀਆਂ ਆਰਥਿਕ ਨੀਤੀਆਂ ਉੱਪਰ ਇੱਕਮੱਤ ਹਨ, ਉਹਨਾਂ ਵਿਚਕਾਰ ਕੋਈ ਵਖਰੇਵਾਂ ਨਹੀਂ। ਇਹ ਸਾਰੀਆਂ ਪਾਰਟੀਆਂ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਦੇ ਮਾਮਲੇ ਵਿੱਚ ਇੱਕੋ ਹੀ ਸਮਝ ਰਖਦੀਆਂ ਹਨ ਅਤੇ ਕੋਈ ਵੀ ਪਾਰਟੀ ਜ਼ਮੀਨੀ ਸੁਆਲ ਨੂੰ ਸੰਬੋਧਤ ਨਹੀਂ, ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਦੇਣ ਤੋਂ ਰੋਕਣ ਦੇ ਮਾਮਲੇ ਵਿੱਚ ਅਤੇ ਸਾਮਰਾਜੀ ਸਰਮਾਏ ਨੂੰ ਜਬਤ ਕਰਨ ਦੇ ਮਾਮਲੇ ਵਿੱਚ ਮੁੱਖ ਧਾਰਾ ਸਿਆਸਤ ਨਾਲੋਂ ਵਖਰੇਵਾਂ ਨਹੀਂ ਕਰਦੀ। ਇਹਨਾਂ ਸਾਰੀਆਂ ਪਾਰਟੀਆਂ ਦਾ ਇੱਕੋ ਮਕਸਦ ਹੈ ਸੱਤਾ ਸੁੱਖ ਮਾਨਣਾ। ਇਸ ਲਈ ਉਹ ਹਰ ਤਰ੍ਹਾਂ ਦੇ ਗਠਜੋੜ ਕਰਦੀਆਂ ਹਨ।ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਫਾਸ਼ੀਵਾਦ ਨੂੰ ਤੇਜ਼ ਕਰ ਰਹੀ ਹੈ ਅਤੇ ਆਪਣੇ ਫਿਰਕੂਕਰਨ ਤੇ ਕੇਂਦਰੀਕਰਨ ਦੇ ਏਜੰਡੇ ਨੂੰ ਅੱਗੇ ਵਧਾਉਂਦੀ ਹੋਈ ਦੇਸ਼ ਵਿੱਚ ਫਿਰਕੂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਘੱਟ ਗਿਣਤੀਆਂ ਖਿਲਾਫ ਮਹੌਲ ਹੋਰ ਭੜਕਾ ਰਹੀ ਹੈ। ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਮਾਰ ਕੇ ਸੰਵਿਧਾਨ ’ਚ ਦਰਜ ਫੈਡਰਲ ਢਾਂਚੇ ਨੂੰ ਖੋਰਾ ਲਾ ਰਹੀ ਹੈ।ਕਮਿਊਨਿਸਟ ਆਗੂ ਨੇ ਕਿਹਾ ਕਿ ਅਜਿਹੇ ਮੌਕੇ ਕਾਮਰੇਡ ਸੱਤਿਆਨਰਾਇਣ ਸਿੰਘ ਵਰਗੇ ਆਗੂਆਂ ਦੀ ਯਾਦ ਮਨਾਉਂਦੇ ਹੋਏ ਉਹਨਾਂ ਦੇ ਪਾਏ ਪੂਰਨਿਆਂ ’ਤੇ ਅੱਗੇ ਵਧਦੇ ਹੋਏ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਉੱਪਰ ਸੰਘਰਸ਼ ਤੇਜ਼ ਕਰੀਏ।
