


ਜਲੰਧਰ,10 ਜਨਵਰੀ (PUNJAB DAINIK NEWS)ਸਾਂਝੇ ਮੋਰਚੇ ਦੇ ਸੱਦੇ ਤਹਿਤ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਭਰ ਵਿੱਚ 300 ਤੋਂ ਵੱਧ ਪਿੰਡਾਂ ਵਿੱਚ ਰੈਲੀਆਂ ਕਰਕੇ ਪਿੰਡ ਪੱਧਰ ਉੱਤੇ ਘੋਲ ਲਾਮਬੰਦ ਕਰੇਗੀ,ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਵਲੋਂ ਮੀਟਿੰਗ ਕਰਕੇ ਜ਼ਮੀਨ, ਕਰਜ਼ਾ,ਦਿਹਾੜੀ, ਪਲਾਟ,ਲਾਲ ਲਕੀਰ ਦੀ ਮਾਲਕੀ ਅਤੇ ਸਮਾਜਿਕ ਜ਼ਬਰ ਵਰਗੇ ਮੁੱਦਿਆਂ ਨੂੰ ਲੈ ਕੇ ਪਿੰਡ ਪੱਧਰ ਉੱਤੇ ਘੋਲ ਮਘਾਇਆ ਜਾਵੇਗਾ।ਇਸ ਸੰਬੰਧੀ ਘੋਲ ਚਲਾਉਣ ਲਈ ਰੂਪ ਰੇਖਾ ਉਲੀਕੀ ਗਈ,ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਲੈਂਡ ਸੀਲਿੰਗ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਤੇ ਕਿਸਾਨਾਂ ਵਿੱਚ ਵੰਡਣ,ਨਜ਼ੂਲ ਲੈਂਡ ਜ਼ਮੀਨ ਦਲਿਤਾਂ ਨੂੰ ਹੱਕ ਦੇਣ,ਜਗਲਾਤ ਦੀ ਜ਼ਮੀਨ ਦੇ ਹੱਕ ਦੇਣ,ਪੰਚਾਇਤੀ ਜ਼ਮੀਨਾਂ ਚੋਂ ਦਲਿਤਾਂ ਨੂੰ ਤੀਜੇ ਹਿੱਸੇ ਦਾ ਹੱਕ ਦੇਣ, ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਕਰਜ਼ੇ ਮੁਆਫ਼ ਕਰਨ, ਮਜ਼ਦੂਰਾਂ ਨੂੰ ਖੁਸ਼ੀ ਗਮੀ ਵੇਲੇ ਬਿਨਾਂ ਵਿਆਜ ਕਰਜ਼ੇ ਦੇਣ ਦਾ ਪ੍ਰਬੰਧ ਕਰਨ, ਸਹਿਕਾਰੀ ਸਭਾਵਾਂ ਵਿੱਚ ਦਲਿਤ ਮਜ਼ਦੂਰਾਂ ਨੂੰ ਮੈਂਬਰਸ਼ਿਪ ਦੇ ਕੇ ਬਣਦੀਆਂ ਸਹੂਲਤਾਂ ਦੇਣ ਅਤੇ ਪਰਿਵਾਰ ਦੇ ਸਾਰੇ ਬਾਲਗ ਮੈਂਬਰਾਂ ਨੂੰ ਲਗਾਤਾਰ ਰੁਜ਼ਗਾਰ ਦੇਣ,ਮਗਨਰੇਗਾ ਸਮੇਤ ਪੇਂਡੂ ਤੇ ਖੇਤ ਮਜ਼ਦੂਰਾਂ ਨੂੰ ਦਿਹਾੜੀ ਚ ਵਾਧਾ ਕਰਕੇ 700 ਰੂਪੇ ਕਰਨ ਅਤੇ ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਦੇਣ ਤੇ ਲਾਲ ਲਕੀਰ ਦੇ ਮਾਲਕੀ ਹੱਕ ਦੇਣ ਅਤੇ ਜਾਤਪਾਤੀ ਸਮਾਜਿਕ ਜ਼ਬਰ ਬੰਦ ਕੀਤਾ ਜਾਵੇ ਵਰਗੇ ਮੁੱਦਿਆਂ ਨੂੰ ਲੈ ਕੇ ਅੱਜ ਤੋਂ ਹੀ ਪੰਜਾਬ ਭਰ ਵਿੱਚ 30 ਜਨਵਰੀ ਤੱਕ ਪਿੰਡਾਂ ਵਿੱਚ ਭਰਵੀਆਂ ਰੈਲੀਆਂ ਕਰਕੇ ਘੋਲ ਚਲਾਇਆ ਜਾਵੇਗਾ ਅਤੇ 20 ਫਰਵਰੀ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਮਿਲਕੇ ਸਬ ਡਵੀਜ਼ਨ/ ਤਹਿਸੀਲ ਕੇਂਦਰਾਂ ਉੱਪਰ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਮਾਰਚ ਮਹੀਨੇ ਵਿੱਚ ਸੂਬਾ ਪੱਧਰੀ ਸਾਂਝਾ ਸਖ਼ਤ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ ਯੂਨੀਅਨ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਣ ਸਿੰਘ ਵਾਲਾ ਵਿਖੇ ਦਲਿਤ ਔਰਤਾਂ ਨਾਲ ਵਧੀਕੀ ਕਰਨ ਵਾਲਿਆਂ ਖਿਲਾਫ਼ ਐੱਸ ਸੀ,ਐੱਸ ਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਦੀ ਮੰਗ ਵੀ ਕੀਤੀ ਅਤੇ ਮੰਗ ਨਾ ਮੰਨੀ ਗਈ ਇਸਦੇ ਖਿਲਾਫ਼ ਵੀ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ।ਯੂਨੀਅਨ ਵਲੋਂ ਮੀਟਿੰਗ ਵਿੱਚ 16 ਜਨਵਰੀ ਨੂੰ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੀ ਅਗਵਾਈ ਹੇਠ ਜਲੰਧਰ ਸਥਿਤ ਧੰਨੋ ਵਾਲੀ ਨੇੜੇ ਕੀਤੇ ਜਾ ਰਹੇ ਹਾਈਵੇ ਤੇ ਰੇਲਵੇ ਜਾਮ ਵਿੱਚ ਸ਼ਮੂਲੀਅਤ ਕਰਨ ਅਤੇ ਜਿਹਨਾਂ ਚਿਰ ਲਤੀਫ਼ ਪੁਰਾ ਦੇ ਲੋਕਾਂ ਨੂੰ ਮੁੜ ਉਸ ਜਗ੍ਹਾ ਨਹੀਂ ਵਸਾਇਆ ਜਾਂਦਾ,ਪੀੜਤ ਲੋਕਾਂ ਦੇ ਕੀਤੇ ਗਏ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਗਾਲੀ ਗਲੋਚ ਕਰਨ ਵਾਲੇ ਡੀਸੀਪੀ ਤੇਜਾ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਉਹਨਾਂ ਚਿਰ ਸਾਂਝਾ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਵੀ ਕੀਤਾ ਗਿਆ।ਪੇਂਡੂ ਮਜ਼ਦੂਰ ਆਗੂਆਂ ਨੇ ਕਿਹਾ ਕਿ ਬਦਲਾਅ ਵਾਲੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਤੋਂ ਘੱਟ ਨਹੀਂ, ਵਾਅਦਾ ਬਦਲਾਅ ਦਾ ਤੇ ਕੰਮ ਉਜਾੜੇ ਦਾ।ਚਾਹੇ ਉਹ ਜਲੰਧਰ ਦਾ ਲਤੀਫ਼ਪੁਰਾ ਹੋਵੇ ਜਾਂ ਫਿਰ ਸ਼ਰਾਬ ਫੈਕਟਰੀ ਜ਼ੀਰਾ। ਉਨ੍ਹਾਂ ਕਿਹਾ ਕਿ ਮਾਸਟਰ ਦਾ ਮੁੰਡਾ ਤੇ ਸਧਾਰਨ ਘਰ ਤੋਂ ਕਹੇ ਜਾਣ ਵਾਲੇ ਭਗਵੰਤ ਸਿੰਘ ਮਾਨ ਮੋਦੀ ਅਤੇ ਅਮਰਿੰਦਰ ਸਿੰਘ ਵਾਂਗ ਰਾਜੇ ਮਹਾਰਾਜੇ ਵਾਲੀਆਂ ਫੀਲਿੰਗਾਂ ਲੈ ਰਹੇ ਹਨ। ਪੰਜਾਬ ਵਾਸੀਆਂ ਅਤੇ ਪੰਜਾਬ ਦੇ ਹਰ ਮਸਲੇ ਉੱਪਰ ਮੁੱਖ ਮੰਤਰੀ ਦੀ ਵੱਟੀ ਚੁੱਪੀ ਇਹੀ ਇਸ਼ਾਰਾ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਪਾਸ ਸੰਘਰਸ਼ ਕਰਨ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ।ਇਸ ਮੌਕੇ ਉਨ੍ਹਾਂ ਜਥੇਬੰਦੀ ਦੀਆਂ ਸਮੂਹ ਸਫ਼ਾ ਨੂੰ 20 ਜਨਵਰੀ ਤੱਕ ਵਿਸਥਾਰੀ ਮੀਟਿੰਗਾਂ ਕਰਦੇ ਹੋਏ ਉਪਰੋਕਤ ਐਕਸ਼ਨਾਂ ਨੂੰ ਲਾਗੂ ਕਰਨ ਲਈ ਹੁਣ ਤੋਂ ਹੀ ਕਮਰ ਕੱਸੇ ਕੱਸ ਲੈਣ ਦਾ ਹੋਕਾ ਵੀ ਦਿੱਤਾ। ਇਸ ਮੌਕੇ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਕਵਲਜੀਤ ਸਨਾਵਾ,ਹੰਸ ਰਾਜ ਪੱਬਵਾਂ, ਮੰਗਾ ਸਿੰਘ ਵੈਰੋਕੇ ਅਤੇ ਹਰੀ ਰਾਮ ਰਸੂਲਪੁਰੀ ਆਦਿ ਸ਼ਾਮਲ ਹੋਏ।
