

ਜਲੰਧਰ,31 ਦਸੰਬਰ (PUNJAB DAINIK NEWS ) ਲਤੀਫ਼ਪੁਰਾ ਦੇ ਮਸਲੇ ਦੇ ਨਿਪਟਾਰੇ ਲਈ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਵਿਧਾਇਕ ਬਲਕਾਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਰੱਖੀ ਮੀਟਿੰਗ ਚੋਂ ਕਾਫ਼ੀ ਉਡੀਕ ਕਰਵਾਉਣ ਉਪਰੰਤ ਜਦੋਂ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਮੀਟਿੰਗ ਵਿੱਚ ਹਾਜ਼ਰ ਨਾ ਆਇਆ ਤਾਂ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਤੇ ਪੀੜਤ ਪਰਿਵਾਰਾਂ ਵਲੋਂ ਮੀਟਿੰਗ ਚੋਂ ਵਾਕ-ਆਊਟ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ 4 ਵਜੇ ਡੀਸੀ ਦਫ਼ਤਰ ਵਿਖੇ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ ਲੇਕਿਨ ਮੀਟਿੰਗ ਹਾਲ ਚ 5 ਵਜੇ ਸ਼ਾਮ ਤੱਕ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਹਾਜ਼ਰ ਨਾ ਆਇਆ।ਜਿਸ ਕਾਰਨ ਆਗੂਆਂ ਨੇ ਇਸ ਨੂੰ ਜਥੇਬੰਦੀਆਂ ਦੀ ਹੱਤਕ ਸਮਝਦਿਆਂ ਮੀਟਿੰਗ ਚੋਂ ਵਾਕ-ਆਊਟ ਕਰਨਾ ਬੇਹਤਰ ਸਮਝਿਆ। ਉਪਰੰਤ ਆਗੂਆਂ ਨੇ ਐਲਾਨ ਕੀਤਾ ਕਿ ਵੱਸਦੇ ਲੋਕਾਂ ਨੂੰ ਉਜਾੜਨ ਅਤੇ ਸਰਕਾਰ ਦੀ ਬੇਰੁੱਖੀ ਖਿਲਾਫ਼ 1ਜਨਵਰੀ ਨੂੰ ਪੀਏਪੀ ਚੌਕ ਵਿਖੇ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਹਾਈਵੇ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਜਾੜੇ ਵਾਲੀ ਜਗ੍ਹਾ ਉੱਪਰ ਹੀ ਪੀੜਤ ਲੋਕਾਂ ਦਾ ਮੁੜ ਵਸੇਬਾ ਕਰਨ, ਉਹਨਾਂ ਦੇ ਹੋਏ ਨੁਕਸਾਨ ਤਾਂ ਮੁਆਵਜ਼ਾ ਦੇਣ ਅਤੇ ਗਾਲੀ ਗਲੋਚ ਤੇ ਵਧੀਕੀ ਕਰਨ ਵਾਲੇ ਡੀਸੀਪੀ ਤੇਜਾ ਖਿਲਾਫ਼ ਸਖ਼ਤ ਕਾਰਵਾਈ ਕਰਨ ਵਰਗੀਆਂ ਮੰਗਾਂ ਦੇ ਨਿਪਟਾਰੇ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।ਆਗੂਆਂ ਨੇ 1 ਜਨਵਰੀ ਨੂੰ ਰਾਹਗੀਰਾਂ ਨੂੰ ਸਫ਼ਰ ਨਾ ਕਰਨ ਦੀ ਅਪੀਲ ਕਰਦੇ ਹੋਏ ਇਨਸਾਫ਼ ਪਸੰਦ ਲੋਕਾਂ ਨੂੰ ਲਤੀਫ਼ਪੁਰਾ ਦੇ ਉਜਾੜੇ ਲੋਕਾਂ ਦੇ ਹੱਕ ਵਿੱਚ ਜਾਮ ਵਿੱਚ ਸ਼ਿਰਕਤ ਕਰਨ ਦਾ ਹੋਕਾ ਵੀ ਦਿੱਤਾ।ਅੱਜ ਰੋਜ਼ਾਨਾ ਦੀ ਵਾਂਗ ਮੋਰਚਾ ਉੱਪਰ ਹੱਡ ਚੀਰਵੀਂ ਠੰਡ ਵਿੱਚ ਲੋਕ ਡਟੇ ਰਹੇ ਅਤੇ ਸ਼ਾਮ ਵੇਲੇ ਸੂਬਾ ਸਰਕਾਰ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਮੋਰਚੇ ਦੇ ਆਗੂ ਜਥੇਦਾਰ ਕਸ਼ਮੀਰ ਸਿੰਘ, ਸੁਖਜੀਤ ਸਿੰਘ ਡਰੋਲੀ, ਸੰਤੋਖ ਸਿੰਘ ਸੰਧੂ, ਪਰਮਜੀਤ ਸਿੰਘ ਜੱਬੋਵਾਲ, ਕਸ਼ਮੀਰ ਸਿੰਘ ਘੁੱਗਸ਼ੋਰ,ਤਰਸੇਮ ਸਿੰਘ ਵਿੱਕੀ ਜੈਨਪੁਰ,ਡਾਕਟਰ ਗੁਰਦੀਪ ਸਿੰਘ ਭੰਡਾਲ, ਹੰਸ ਰਾਜ ਪੱਬਵਾਂ, ਬਲਵਿੰਦਰ ਸਿੰਘ ਮੱਲ੍ਹੀ ਨੰਗਲ,ਮਹਿੰਦਰ ਸਿੰਘ ਬਾਜਵਾ, ਹਰਜਿੰਦਰ ਕੌਰ, ਬਲਜਿੰਦਰ ਕੋਰ,ਪਰਮਿੰਦਰ ਸਿੰਘ ਬਾਜਵਾ,ਪਿੰਦੂ ਵਾਸੀ ਆਦਿ ਸ਼ਾਮਲ ਸਨ।


