
ਜਲੰਧਰ,24 ਦਸੰਬਰ (PUNJAB DAINIK NEWS ) ਲਤੀਫ਼ਪੁਰਾ ਵਿਖੇ ਉਜਾੜੇ ਲੋਕਾਂ ਦੇ ਮਸਲੇ ਦੇ ਹੱਲ ਲਈ ਸਰਕਾਰ ਵਲੋਂ ਅੱਜ ਤੀਜੇ ਦੌਰ ਦੀ ਮੀਟਿੰਗ ਬਲਕਾਰ ਸਿੰਘ ਹਲਕਾ ਵਿਧਾਇਕ ਕਰਤਾਰਪੁਰ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਵਿਖੇ ਲਤੀਫ਼ਪੁਰਾ ਮੁੜ ਵਸੇਬਾ ਕਮੇਟੀ ਦੇ ਆਗੂਆਂ ਨਾਲ 1 ਘੰਟੇ ਤੋਂ ਵੱਧ ਸਮਾਂ ਮੀਟਿੰਗ ਕੀਤੀ ਗਈ। ਇਸ ਤੋਂ ਪਹਿਲਾਂ ਪ੍ਰਸ਼ਾਸਨ 18 ਅਤੇ 22 ਦਸੰਬਰ ਨੂੰ ਵੀ ਕਮੇਟੀ ਨਾਲ ਮੀਟਿੰਗਾਂ ਕਰ ਚੁੱਕਾ ਹੈ।ਅੱਜ ਹੋਈ ਮੀਟਿੰਗ ਵਿੱਚ ਕਮੇਟੀ ਦੇ ਆਗੂ ਸੰਤੋਖ ਸਿੰਘ ਸੰਧੂ, ਤਰਸੇਮ ਸਿੰਘ ਵਿੱਕੀ ਜੈਨਪੁਰ, ਜਥੇਦਾਰ ਕਸ਼ਮੀਰ ਸਿੰਘ,ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਸ਼ਮੀਰ ਸਿੰਘ ਘੁੱਗਸ਼ੋਰ, ਸੁਖਜੀਤ ਸਿੰਘ ਡਰੋਲੀ, ਡਾਕਟਰ ਗੁਰਦੀਪ ਸਿੰਘ ਭੰਡਾਲ, ਮਹਿੰਦਰ ਸਿੰਘ ਬਾਜਵਾ ਤੇ ਪੀੜਤ ਪਰਿਵਾਰਾ ਦੇ ਮੈਂਬਰ ਅਤੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਬਲਕਾਰ ਸਿੰਘ ਵਿਧਾਇਕ ਕਰਤਾਰਪੁਰ, ਜਗਤਾਰ ਸਿੰਘ ਸੰਘੇੜਾ ਚੇਅਰਮੈਨ ਇੰਮਰੂਵਮੈਂਟ ਟਰੱਸਟ,ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਕਮਿਸ਼ਨਰ ਆਫ਼ ਪੁਲਿਸ ਡਾਕਟਰ ਐੱਸ ਭੂਪਤੀ ਆਈ ਪੀ ਐੱਸ ਆਦਿ ਸ਼ਾਮਲ ਹੋਏ। ਮੀਟਿੰਗ ਵਿੱਚ ਪੀੜਤਾਂ ਦੇ ਮੁੜ ਵਸੇਬੇ ਲਈ ਬਣੀ ਕਮੇਟੀ ਦੇ ਆਗੂ ਆਪਣੀ ਮੰਗ ‘ਤੇ ਅੜੇ ਰਹੇ ਕਿ ਪੀੜਤ ਪਰਿਵਾਰਾਂ ਨੂੰ ਉਸ ਜਗਾਹ (ਉਜਾੜੇ ਵਾਲੀ ਥਾਂ)ਉੱਤੇ ਹੀ ਲਤੀਫ਼ਪੁਰਾ ਵਿਖੇ ਵਸਾਇਆ ਜਾਵੇ ਤੇ ਪੀੜਤ ਲੋਕਾਂ ਦੇ ਹੋਏ ਨੁਕਸਾਨ ਦੀ ਮੁਕੰਮਲ ਭਰਪਾਈ ਕੀਤੀ ਜਾਵੇ ਅਤੇ ਪੀੜਤ ਲੋਕਾਂ ਨਾਲ ਵਧੀਕੀ ਕਰਨ ਵਾਲੇ ਡੀਸੀਪੀ ਤੇਜਾ ਨੂੰ ਬਰਖਾਸਤ ਕਾਰਵਾਈ ਕੀਤਾ ਜਾਵੇ,ਇਸ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੀੜਤ ਪਰਿਵਾਰਾਂ ਦੀ ਲਿਸਟ ਮੰਗਣ ਉੱਤੇ ਆਗੂਆਂ ਨੇ ਕਿਹਾ ਕਿ ਇਹ ਤਾਂ ਹੋਰ ਮਾੜੀ ਗੱਲ ਹੈ ਕਿ ਧੱਕੇ ਨਾਲ ਉਠਾਉਣ ਵਾਲੇ ਲੋਕਾਂ ਦਾ ਪ੍ਰਸ਼ਾਸਨ ਪਾਸ ਵੇਰਵਾ ਹੀ ਨਹੀਂ।ਜੇਕਰ ਤੁਹਾਡੇ ਪਾਸ ਵੇਰਵਾ ਹੀ ਨਹੀਂ ਤਾਂ ਤੁਸੀਂ ਲਤੀਫ਼ ਪੁਰਾ ਦੇ ਲੋਕਾਂ ਦਾ ਉਜਾੜਾ ਕਿਸ ਆਧਾਰ ‘ਤੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਸਰਾਸਰ ਧੱਕਾ ਕੀਤਾ ਹੈ,ਰੋਜ਼ਾਨਾ ਦੀ ਵਾਂਗ ਮੋਰਚੇ ਉੱਪਰ ਅੱਜ ਵੀ ਖੁੱਲ੍ਹੇ ਅਸਮਾਨ ਹੇਠ ਇਨਸਾਫ਼ ਦੀ ਖ਼ਾਤਰ ਲੋਕ ਡਟੇ ਰਹੇ ਅਤੇ ਸਰਕਾਰ ਦਾ ਸ਼ਾਮ ਵੇਲੇ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ। 27 ਦਸੰਬਰ ਨੂੰ ਮੋਰਚੇ ਉੱਪਰ ਸਾਹਿਬ ਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਅਤੇ ਮੰਗਾਂ ਮਨਵਾਉਣ ਲਈ 1 ਜਨਵਰੀ ਨੂੰ ਪੀਏਪੀ ਚੌਕ ਵਿਖੇ ਹਾਈਵੇ ਜਾਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਮੋਰਚੇ ਦੌਰਾਨ ਸਰਕਾਰ ਵਲੋਂ ਲਤੀਫ਼ਪੁਰਾ ਦੇ ਲੋਕਾਂ ਦੇ ਉਜਾੜੇ ਦੀ ਪੜਤਾਲ ਲਈ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ,ਬੂਟਾ ਸਿੰਘ ਨਵਾਂਸ਼ਹਿਰ,ਡਾਕਟਰ ਜੀ ਐੱਸ ਚੀਮਾ,ਡਾਕਟਰ ਜਸਵਿੰਦਰ ਸਿੰਘ ਭੋਗਲ, ਐਡਵੋਕੇਟ ਮਧੂ ਰਚਨਾ,ਡਾਕਟਰ ਮੰਗਤ ਰਾਏ,ਬਿਹਾਰੀ ਲਾਲ ਛਾਬੜਾ ਅਤੇ ਡਾਕਟਰ ਸੈਲਸ ਆਦਿ ਟੀਮ ਵਲੋਂ ਮੌਕਾ ਉੱਤੇ ਪੁੱਜ ਮੌਕਾ ਸਥਾਨ ਨੂੰ ਵੇਖਿਆ ਗਿਆ ਅਤੇ ਪੀੜਤਾਂ ਨਾਲ ਗੱਲਬਾਤ ਕੀਤੀ ਗਈ।
