ਚੰਡੀਗੜ੍ਹ 21 ਦਸੰਬਰ (PUNJAB DAINIK NEWS ) ਅੱਜ਼ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਵਨ ਵਿਖੇ ਰੱਖੀ ਮੀਟਿੰਗ ‘ਚ ਮੁੜ ਹਾਜ਼ਰ ਨਾ ਹੋਣ ਅਤੇ ਮੀਟਿੰਗ ‘ਚ ਹਾਜਰ ਮੰਤਰੀਆਂ ਦੀ ਸਬ ਕਮੇਟੀ ਦੁਆਰਾ ਮਜ਼ਦੂਰ ਆਗੂਆਂ ਵੱਲੋਂ ਪੁੱਛੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਨਾ ਮਿਲਣ ਕਰਕੇ ਮਜ਼ਦੂਰ ਆਗੂਆਂ ਨੇ ਮੀਟਿੰਗ ‘ਚੋਂ ਵਾਕ ਆਊਟ ਕਰ ਦਿੱਤਾ । ਮਜ਼ਦੂਰ ਆਗੂਆਂ ਨੇ ਮੁੱਖ ਮੰਤਰੀ ਦੁਆਰਾ ਮਜ਼ਦੂਰ ਜਥੇਬੰਦੀਆਂ ਨਾਲ਼ ਵਾਰ – ਵਾਰ ਮੀਟਿੰਗਾਂ ਰੱਖਕੇ ਮੀਟਿੰਗ ‘ਚ ਸ਼ਾਮਲ ਨਾ ਹੋਣ ਜਾਂ ਮੀਟਿੰਗ ਰੱਦ ਕਰਨ ਨੂੰ ਮਜ਼ਦੂਰ ਵਰਗ ਦਾ ਅਪਮਾਨ ਤੇ ਵਿਤਕਰੇਬਾਜ਼ੀ ਕਰਾਰ ਦਿੰਦਿਆਂ ਮੰਤਰੀਆਂ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਨਾਲ਼ ਉਹਨਾਂ ਦੀ ਮੀਟਿੰਗ ਤਹਿ ਕਰਵਾਈ ਜਾਵੇ ਪਰ ਮੰਤਰੀਆਂ ਵੱਲੋਂ ਹਾਂ ਪੱਖੀ ਹੁੰਗਾਰਾ ਨਾ ਭਰਨ ਅਤੇ ਆਉਂਦੇ ਸਮੇਂ ‘ਚ ਇਸ ਸਬੰਧੀ ਵਿਚਾਰ ਕਰਨ ਦੇ ਜਵਾਬ ਕਾਰਨ ਰੋਸ ਵਜੋਂ ਮਜ਼ਦੂਰ ਆਗੂਆਂ ਨੇ ਮੀਟਿੰਗ ‘ਚੋਂ ਵਾਕ ਆਊਟ ਕਰ ਦਿੱਤਾ।ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਗੁਲਜ਼ਾਰ ਗੋਰੀਆ, (ਮੀਤ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ) ਤਰਸੇਮ ਪੀਟਰ, (ਸੂਬਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ) ਕੁਲਵੰਤ ਸਿੰਘ ਸੇਲਬਰਾਹ (ਸੂਬਾ ਪ੍ਰਧਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ) ਜ਼ੋਰਾ ਸਿੰਘ ਨਸਰਾਲੀ, (ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ) ਗੁਰਨਾਮ ਸਿੰਘ ਦਾਊਦ, (ਸੂਬਾ ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ) ਮੁਕੇਸ਼ ਮਲੌਦ , (ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ) ਭਗਵੰਤ ਸਿੰਘ ਸਮਾਓ ( ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ)ਤੇ ਭੂਪ ਚੰਦ ਚੰਨੋ ( ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ) ਨੇ ਜ਼ਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਦੱਬੇ ਕੁਚਲੇ ਮਜ਼ਦੂਰ ਵਰਗ ਪ੍ਰਤੀ ਘੋਰ ਜਮਾਤੀ ਨਫ਼ਰਤ ਅਤੇ ਵਿਤਕਰੇ ਭਰਪੂਰ ਤੇ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਹੀ ਮੁੱਖ ਮੰਤਰੀ ਮਜ਼ਦੂਰ ਜਥੇਬੰਦੀਆਂ ਨਾਲ਼ ਮੀਟਿੰਗ ਕਰਨ ਤੋਂ ਟਾਲਾ ਵੱਟ ਰਿਹਾ ਹੈ।ਮੀਟਿੰਗ ‘ਚ ਹਾਜ਼ਰ ਮਜ਼ਦੂਰ ਆਗੂ ਗੁਰਮੇਸ਼ ਸਿੰਘ, ਹਰਵਿੰਦਰ ਸਿੰਘ ਸੇਮਾਂ, ਬਿੱਕਰ ਸਿੰਘ ਹਥੋਆ, ਮਹੀਂਪਾਲ, ਲਛਮਣ ਸਿੰਘ ਸੇਵੇਵਾਲਾ, ਪ੍ਰਗਟ ਸਿੰਘ ਕਾਲਾਝਾੜ, ਕਸ਼ਮੀਰ ਸਿੰਘ ਘੁੱਗਸੋ਼ਰ ਤੇ ਕ੍ਰਿਸ਼ਨ ਚੌਹਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਮੰਤਰੀ ਅਮਨ ਅਰੋੜਾ ਨੂੰ ਜਦੋਂ ਜਥੇਬੰਦੀਆਂ ਵੱਲੋਂ ਇਹ ਪੁੱਛਿਆ ਗਿਆ ਕਿ ਪਹਿਲੇ ਦੋਹਾਂ ਮੰਤਰੀਆਂ ਨਾਲ਼ ਪਹਿਲਾਂ ਹੋਈਆਂ ਮੀਟਿੰਗਾਂ ‘ਚ ਲਏ ਫੈਸਲਿਆਂ ‘ਤੇ ਅਮਲਦਾਰੀ ਤਾਂ ਦੂਰ ਮੀਟਿੰਗਾਂ ਦੇ ਮਿੰਟਸ ਤੱਕ ਵੀ ਤਿਆਰ ਨਹੀਂ ਕੀਤੇ ਗਏ ਤਾਂ ਮੰਤਰੀ ਸਾਹਿਬ ਇਹਨਾਂ ਸਵਾਲਾਂ ਦਾ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਸਾਂਝੇ ਮਜ਼ਦੂਰ ਮੋਰਚੇ ਆਗੂਆਂ ਨੇ ਇਹ ਵੀ ਦੱਸਿਆ ਕਿ ਜਦੋਂ ਮੰਤਰੀ ਸਾਹਿਬਾਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਅੱਜ ਦੀ ਮੀਟਿੰਗ ਲਈ ਗਠਿਤ ਮੰਤਰੀ ਪੱਧਰ ਦੀ ਕਮੇਟੀ ਮੁੱਖ਼ ਮੰਤਰੀ ਦੀਆਂ ਪਾਵਰਾਂ ਲੈਕੇ ਗੱਲਬਾਤ ਕਰ ਰਹੀ ਹੈ ਤਾਂ ਇਸ ਸਬੰਧੀ ਉਹਨਾਂ ਦਾ ਜਵਾਬ ਤਸੱਲੀਬਖ਼ਸ਼ ਨਹੀਂ ਸੀ, ਜਿਸ ਕਾਰਨ ਮਹਿਜ਼ ਮੂੰਹ ਰਖਾਈ ਲਈ ਮੀਟਿੰਗ ‘ਚੋਂ ਤਸੱਲੀਬਖ਼ਸ਼ ਸਿੱਟਿਆਂ ਦੀ ਆਸ ਨਹੀਂ ਸੀ । ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੋਲ ਮਜ਼ਦੂਰਾਂ ਦੀ ਗੱਲ ਸੁਣਨ ਲਈ ਤਾਂ ਸਮਾਂ ਨਹੀਂ ਪਰ ਦੇਸੀ ਵਿਦੇਸ਼ੀ ਬਹੁਕੌਮੀ ਕੰਪਨੀਆਂ ਨੂੰ ਪੰਜਾਬ ਦੇ ਅਮੀਰ ਕੁਦਰਤੀ ਸਰੋਤਾਂ ਅਤੇ ਕਿਰਤ ਦੀ ਲੁੱਟ ਦੇ ਖੁੱਲ੍ਹੇ ਸੱਦੇ ਦੇਣ ਲਈ ਉਹਨਾਂ ਵੱਲੋਂ ਆਏ ਦਿਨ ਦੇਸ – ਵਿਦੇਸ਼ ਦੇ ਦੌਰੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ‘ਚੋਂ ਜ਼ਬਰੀ ਨਿਚੋੜ ਕੇ ਭਰੇ ਖ਼ਜ਼ਾਨੇ ਦੀ ਦੁਰਵਰਤੋ ਕੀਤੀ ਜਾ ਰਹੀ ਹੈ । ਉਹਨਾਂ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਕੈਪਟਨ,ਬਾਦਲ ਤੇ ਮੋਦੀ ਵਾਲ਼ੇ ਮਜ਼ਦੂਰ ਤੇ ਲੋਕ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ‘ਤੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡਾਂ ‘ਚੋਂ ਹੀ ਸਰਕਾਰ ਚੱਲਣ ਦੇ ਵਾਅਦੇ ਨਾਲ ਸਤਾ ‘ਚ ਆਏ ਮੁੱਖ ਮੰਤਰੀ ਭਗਵੰਤ ਮਾਨ ਹੁਣ ਮਜ਼ਦੂਰ ਆਗੂਆਂ ਨੂੰ ਚੰਡੀਗੜ੍ਹ ਵਿਖੇ ਬੁਲਾਕੇ ਵੀ ਮਿਲਣ ਤੋਂ ਇਨਕਾਰੀ ਹੋਏ ਬੈਠੇ ਹਨ ਅਤੇ ਆਪਣੀ ਸੰਗਰੂਰ ਕੋਠੀ ਅੱਗੇ ਜਾਕੇ ਆਪਣੇ ਮਸਲੇ ਹੱਲ ਕਰਨ ਲਈ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਪੁਲਸੀ ਡਾਂਗਾਂ ਨਾਲ ਨਿਵਾਜ਼ ਰਹੇ ਹਨ । ਉਹਨਾਂ ਕਿਹਾ ਕਿ 30 ਨਵੰਬਰ ਨੂੰ ਸੰਗਰੂਰ ਵਿਖੇ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਉਪਰੰਤ ਮਿਲੀ ਅੱਜ਼ ਦੀ ਮੀਟਿੰਗ ‘ਚੋਂ ਮੁੱਖ ਮੰਤਰੀ ਗੈਰ ਹਾਜ਼ਰ ਹੋਣ ਅਤੇ ਇਸਦੀ ਕੋਈ ਵੀ ਸੂਚਨਾ ਮਜ਼ਦੂਰ ਜਥੇਬੰਦੀਆਂ ਨੂੰ ਨਾ ਦੇਣ ਨਾਲ ਮੁੱਖ਼ ਮੰਤਰੀ ਅਤੇ ਆਪ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਹੋਰ ਨੰਗਾ ਹੋ ਗਿਆ ਹੈ। ਉਹਨਾਂ ਪੰਜਾਬ ਦੇ ਸਮੂਹ ਮਜ਼ਦੂਰਾਂ ਨੂੰ ਭਗਵੰਤ ਮਾਨ ਤੇ ਆਪ ਸਰਕਾਰ ਖ਼ਿਲਾਫ਼ ਵਿਸ਼ਾਲ ਤੇ ਸਿਰੜੀ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਮਜ਼ਦੂਰ ਆਗੂਆਂ ਨੇ ਇੱਕ ਮਤੇ ਰਾਹੀਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਸੰਘੇੜਾ ਦੀ ਕੇਰਲਾ ਵਿਖੇ ਰੇਲ ਹਾਦਸੇ ਦੌਰਾਨ ਹੋਈ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇੱਕ ਹੋਰ ਮਤੇ ਰਾਹੀਂ ਲਤੀਫਪੁਰਾ ਵਿਖੇ ਲੰਮੇ ਸਮੇਂ ਤੋਂ ਘਰ ਬਣਾ ਕੇ ਰਹਿ ਰਹੇ ਲੋਕਾਂ ਦੇ ਘਰ ਤੋੜਨ ਦੀ ਨਿਖੇਧੀ ਕਰਦਿਆਂ ਪੀੜਤਾਂ ਦੇ ਉਸੇ ਜਗ੍ਹਾ ‘ਤੇ ਮੁੜ ਵਸੇਬਾ ਕਰਨ ਦੀ ਮੰਗ ਕੀਤੀ ਅਤੇ ਜ਼ੀਰਾ ਵਿਖੇ ਪ੍ਰਦੂਸ਼ਨ ਦਾ ਗੜ੍ਹ ਬਣੀ ਸ਼ਰਾਬ ਫੈਕਟਰੀ ਬੰਦ ਕਰਾਉਣ ਲਈ ਸੰਘਰਸ਼ ਕਰਦੇ ਲੋਕਾਂ ਉੱਪਰ ਪੁਲਿਸ ਵੱਲੋਂ ਆਏ ਦਿਨ ਜਬਰ ਢਾਹੁਣ ਦੀ ਸਖ਼ਤ ਨਿਖੇਧੀ ਕਰਦਿਆਂ ਫੈਕਟਰੀ ਤੁਰੰਤ ਬੰਦ ਕਰਨ ਅਤੇ ਗਿਰਫ਼ਤਾਰ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।
