ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼) ਦੇਸ਼ ਦੀ ਤਰੱਕੀ ਚ ਨੌਜਵਾਨ ਅਹਿਮ ਹਿੱਸਾ ਪਾ ਸਕਦੇ ਹਨ ਨੌਜਵਾਨਾਂ ਨੂੰ ਰਾਸ਼ਟਰਵਾਦ ਦੀ ਸਿੱਖਿਆ ਅਤੇ ਰੋਜ਼ਗਾਰ ਦੇ ਕੇ ਦੇਸ਼ ਦੀ ਤਰੱਕੀ ਵਿੱਚ ਅਹਿਮ ਹਿੱਸਾ ਪਾਇਆ ਜਾ ਸਕਦਾ ਹੈ l ਸਾਡੇ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ l ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਨੌਜਵਾਨ ਵੋਟ ਸਾਡੇ ਦੇਸ਼ ਕੋਲ ਹੈl ਲੋੜ ਸਿਰਫ਼ ਉਨ੍ਹਾਂ ਨੂੰ ਸਹੀ ਸੇਧ ਦੇ ਕੇ ਰਾਹੇ ਪਾਉਣ ਦੀ ਹੈl ਸ਼ਹੀਦ ਭਗਤ ਸਿੰਘ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਵੱਧ ਤੋਂ ਵੱਧ ਨੌਜਵਾਨ ਸਿੱਖਿਅਤ ਹੋਣ ਅਤੇ ਆਪਣੇ ਹੱਕਾਂ ਦੀ ਪਛਾਣ ਕਰਨ l ਸਾਡੇ ਸਮਾਜ ਨੂੰ ਸਿੱਖਿਅਤ ਕਰਨ ਦੀ ਬਹੁਤ ਲੋੜ ਹੈ l ਅੱਜ ਸਾਰਾ ਦੇਸ਼ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਮਨਾ ਰਿਹਾ ਹੈ l ਸਾਨੂੰ ਸਭ ਨੂੰ ਇਸ ਮੌਕੇ ਤੇ ਦੇਸ਼ ਦੀ ਸੇਵਾ ਕਰਨ ਅਤੇ ਸਮਾਜ ਸੁਧਾਰ ਲਈ ਪ੍ਰਣ ਕਰਨਾ ਚਾਹੀਦਾ ਹੈ l ਇਹ ਸ਼ਬਦ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੁਆਰਾ ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ ਤੋਂ ਜਲ੍ਹਿਆਂਵਾਲਾ ਬਾਗ ਤੱਕ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ ਕੱਢੇ ਗਏ ਕੈਂਡਲ ਮਾਰਚ ਦੌਰਾਨ ਕਹੇ ਗਏ l ਇਸ ਮੌਕੇ ਉਨ੍ਹਾਂ ਦੇ ਨਾਲ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਡੀਡੀਪੀਓ ਅੰਮ੍ਰਿਤਸਰ ਵੀ ਮੌਜੂਦ ਸਨ l ਪੰਜਾਬ ਸਰਕਾਰ ਵੱਲੋਂ ਕੱਢੇ ਇਸ ਕੈਂਡਲ ਮਾਰਚ ਵਿਚ ਐੱਨਸੀਸੀ ਕੈਡੇਟਸ,ਸਕੂਲ ਦੇ ਵਿਦਿਆਰਥੀ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਸ਼ਾਮਲ ਹੋਏ l ਵਿਦਿਆਰਥੀ ਇਨਕਲਾਬ ਜ਼ਿੰਦਾਬਾਦ, ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾ ਰਹੇ ਸਨ l ਇਸ ਮਾਰਚ ਵਿਚ ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਦੇ ਅਧੀਨ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੇ ਐਨਸੀਸੀ ਕੈਡਿਟਾਂ ਨੇ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਭਾਗ ਲਿਆ l ਇਸੇ ਪ੍ਰਕਾਰ ਮੈਡਮ ਅਕਾਂਕਸ਼ਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੀ ਅਗਵਾਈ ਹੇਠ ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ l ਜਸਬੀਰ ਸਿੰਘ ਅਸਿਸਟੈਂਟ ਗਾਈਡੈਂਸ ਕਾਉਂਸਲਰ ਦੁਆਰਾ ਦੱਸਿਆ ਗਿਆ ਕਿ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਕੈਂਡਲ ਮਾਰਚ ਵਿਚ ਸ਼ਮੂਲੀਅਤ ਕੀਤੀ l ਜਿਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ ਦੇ ਵਿਦਿਆਰਥੀ ਵੀ ਆਪਣੇ ਅਧਿਆਪਕਾਂ ਦੇ ਨਾਲ ਸ਼ਾਮਲ ਹੋਏ l