ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼) ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ l ਭਾਰਤ ਸਰਕਾਰ ਵੱਲੋਂ 1965 ਦੀ ਲੜਾਈ ਵਿਚ ਸ਼ਹੀਦ ਹੋਣ ਵਾਲੇ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈl ਇਸੇ ਕੜੀ ਤਹਿਤ ਅੱਜ ਫਸਟ ਪੰਜਾਬ ਬਟਾਲੀਅਨ ਐੱਨਸੀਸੀ ਕਰਨਲ ਵੀ ਕੇ ਪੰਧੇਰ ਸੈਨਾ ਮੈਡਲ ਕਮਾਂਡਿੰਗ ਆਫਿਸਰ ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਲੈਫ. ਸੁਖਪਾਲ ਸਿੰਘ ਸੰਧ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੇ ਐਨਸੀਸੀ ਕੈਡਿਟਾਂ ਦੁਆਰਾ ਭਾਰਤ ਸਰਕਾਰ ਦੁਆਰਾ ਭੇਜੇ ਗਏ ਮੋਮੈਂਟੋ ਸ਼ਹੀਦ ਆਕਾਰਜ ਸਿੰਘ ਦੇ ਪਰਿਵਾਰ ਨੂੰ, ਉਨ੍ਹਾਂ ਦੇ ਸ਼ਹੀਦੀ ਦਿਨ ਤੇ, ਜੋ ਕਿ ਹਰ ਸਾਲ 14 ਸਤੰਬਰ ਨੂੰ ਮਨਾਇਆ ਜਾਂਦਾ ਹੈ, ਸੌਂਪੇ ਗਏl ਇਸ ਬਾਰੇ ਜਾਣਕਾਰੀ ਦਿੰਦਿਆਂ ਲੈਫ. ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਹੀਦ ਅਕਾਰਜ ਸਿੰਘ ਦਾ ਜਨਮ ਪਿਤਾ ਸ ਮਾਨ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਪਿੰਡ ਸ਼ਹੂਰਾ ਜ਼ਿਲਾ ਅੰਮ੍ਰਿਤਸਰ ਵਿਖੇ 1940 ਵਿੱਚ ਹੋਇਆl ਪਿੰਡ ਸਹੁਰਾ ਦੇ ਮਦਰੱਸੇ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਨੇ ਅਗਲੇਰੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਤੋਂ ਪ੍ਰਾਪਤ ਕੀਤੀl ਆਪ ਦੇਸ਼ ਦੀ ਸੇਵਾ ਕਰਨ ਦੇ ਲਈ 8 ਜੂਨ 1957 ਨੂੰ ਫੌਜ ਦੀ ਚਾਰ ਹਾਰਸ ਰੈਜੀਮੈਂਟ ਵਿਚ ਭਰਤੀ ਹੋਏl ਪਾਕਿਸਤਾਨ ਵੱਲੋਂ ਭਾਰਤ ਤੇ ਕੀਤੇ 1965 ਦੇ ਹਮਲੇ ਦੌਰਾਨ ਦੁਸ਼ਮਣ ਦੇ ਆਹੂ ਲਾਹੁੰਦੇ ਹੋਏ 14 ਸਤੰਬਰ 1965 ਨੂੰ ਛੰਭ ਜੌੜੀਆਂ ਬਾਰਡਰ ਸਿਆਲਕੋਟ ਵਿਖੇ ਆਪਣੇ ਜਾਨ ਦੀ ਅਹੂਤੀ ਦਿੱਤੀ ਦੇ ਕੇ ਦੁਸ਼ਮਣ ਨੂੰ ਲੋਹੇ ਦੇ ਚਨੇ ਚਬਾਏl ਉਹ ਆਪਣੇ ਪਿੱਛੇ ਦੋ ਬੇਟੇ ਸ ਗੁਰਮੇਜ ਸਿੰਘ ਅਤੇ ਸ ਸੁਬੇਗ ਸਿੰਘ ਇੱਕ ਬੇਟੀ ਸ੍ਰੀਮਤੀ ਗੁਰਮੇਜ ਕੌਰ ਅਤੇ ਆਪਣੀ ਪਤਨੀ ਸ੍ਰੀਮਤੀ ਸਵਰਨ ਕੌਰ ਨੂੰ ਛੱਡ ਗਏ l ਉਨ੍ਹਾਂ ਦੀ ਸ਼ਹੀਦੀ ਬਾਰੇ ਦੱਸਦਿਆਂ ਯੁੱਧ ਵਿਚ ਉਨ੍ਹਾਂ ਦੇ ਸਾਥੀ ਰਹੇ ਸੂਬੇਦਾਰ ਅਜੈਬ ਸਿੰਘ ਨੇ ਕਿਹਾ ਕਿ ਸ਼ਹੀਦ ਅਕਾਰਜ ਸਿੰਘ ਨੂੰ ਪਹਿਲਵਾਨੀ ਦਾ ਬਹੁਤ ਸ਼ੌਕ ਸੀ l ਉਹ ਬਹੁਤ ਹੀ ਬਹਾਦਰ ਅਤੇ ਨਿਡਰ ਯੋਧਾ ਸੀl 1965 ਦੇ ਯੁੱਧ ਦੇ ਦੌਰਾਨ ਉਹ ਉਸ ਦੀਆਂ ਅੱਖਾਂ ਦੇ ਸਾਹਮਣੇ ਦੁਸ਼ਮਣ ਨਾਲ ਬਹਾਦਰੀ ਨਾਲ ਲੜ ਕੇ ਸ਼ਹੀਦ ਹੋਏ l ਅੱਜ ਵੀ ਉਸ ਯੁੱਧ ਨੂੰ ਅਤੇ ਆਪਣੇ ਸਾਥੀ ਨੂੰ ਯਾਦ ਕਰਕੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ l ਅੱਜ ਵੀ ਉਨ੍ਹਾਂ ਦਾ ਪਰਿਵਾਰ ਅਤੇ ਪਿੰਡ ਵਾਸੀ 14 ਸਤੰਬਰ ਨੂੰ ਪਿੰਡ ਵਿਚ ਸ਼ਹੀਦ ਆਕਾਰਜ ਸਿੰਘ ਦੀ ਯਾਦ ਵਿੱਚ ਮੇਲਾ ਕਰਵਾਉਂਦੇ ਹਨ ਅਤੇ ਦੂਰੋਂ ਦੂਰੋਂ ਲੋਕ ਸ਼ਹੀਦ ਨੂੰ ਸਿਜਦਾ ਕਰਨ ਪਹੁੰਚਦੇ ਹਨ l ਉਨ੍ਹਾਂ ਅੱਗੇ ਦੱਸਿਆ ਕਿ ਅੱਜ ਪਿੰਡ ਵਿਚ ਸ਼ਹੀਦ ਅਕਾਰਜ ਸਿੰਘ ਦੇ ਮਨਾਏ ਜਾਂਦੇ ਸ਼ਹੀਦੀ ਦਿਵਸ ਉੱਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੇ ਐਨਸੀਸੀ ਕੈਡਿਟਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਉਚੇਚੇ ਤੌਰ ਤੇ ਪਹੁੰਚੇ l ਇਸ ਮੇਲੇ ਦੇ ਮੌਕੇ ਤੇ ਸ ਗੁਰਮੁਖ ਸਿੰਘ ਐੱਮ ਏ ਦੇ ਕਵੀਸ਼ਰੀ ਜਥੇ ਨੇ ਵਿਸ਼ੇਸ਼ ਹਾਜ਼ਰੀ ਲਵਾਈ l ਉਨ੍ਹਾਂ ਨੇ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਆਈ ਹੋਈ ਸੰਗਤ ਨੂੰ ਸ਼ਹੀਦ ਅਕਾਰਜ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ l ਅਖੀਰ ਵਿਚ ਸ਼ਹੀਦ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਆਏ ਹੋਏ ਲੋਕਾਂ ਦੁਆਰਾ ਭਾਰਤੀ ਫ਼ੌਜ ਅਤੇ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ l