


ਜਲੰਧਰ ਕੈਂਟ, 8 ਜੂਨ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਜਲੰਧਰ ਕੈਂਟ ਦੇ ਸਿਵਲ ਇਲਾਕੇ ਵਿੱਚ ਪੰਜਾਬ ਪੁਲਿਸ ਵੱਲੋਂ ਲਗਾਤਾਰ ਲਗਾਏ ਜਾ ਰਹੇ ਨਾਕਿਆਂ ਨੂੰ ਲੋਕ-ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਕਾਰਨ ਆਮ ਲੋਕਾਂ, ਮਹਿਲਾਵਾਂ, ਬਜ਼ੁਰਗਾਂ ਅਤੇ ਵਪਾਰੀਆਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੰਘਾ ਨੇ ਕਿਹਾ ਕਿ ਜਲੰਧਰ ਕੈਂਟ ਦੇ ਸਿਵਲ ਇਲਾਕੇ ਵਿੱਚ ਰੋਜ਼ਾਨਾ ਹਜ਼ਾਰਾਂ ਲੋਕ ਕੰਮਕਾਜ, ਵਪਾਰ, ਪੜ੍ਹਾਈ ਅਤੇ ਹੋਰ ਜ਼ਰੂਰੀ ਕਾਰਜਾਂ ਲਈ ਆਉਂਦੇ-ਜਾਂਦੇ ਹਨ, ਪਰ ਪੁਲਿਸ ਨਾਕਿਆਂ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਰੋਕਿਆ ਜਾਂਦਾ ਹੈ ਅਤੇ ਬੇਲੋੜੀ ਪੁੱਛਗਿੱਛ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਵੱਲੋਂ ਲਗਾਤਾਰ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਮਹਿਲਾਵਾਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਤੱਕ ਨੂੰ ਕਿਸੇ ਕਿਸਮ ਦੀ ਸਹੂਲਤ ਜਾਂ ਸੰਵੇਦਨਸ਼ੀਲਤਾ ਨਹੀਂ ਦਿਖਾਈ ਜਾਂਦੀ। ਹਰਜਾਪ ਸਿੰਘ ਸੰਘਾ ਨੇ ਕਿਹਾ, “ਜਲੰਧਰ ਕੈਂਟ ਦਾ ਸਿਵਲ ਇਲਾਕਾ ਕੋਈ ਜੰਗੀ ਮੈਦਾਨ ਨਹੀਂ ਹੈ। ਆਮ ਨਾਗਰਿਕਾਂ ਨੂੰ ਹਰ ਰੋਜ਼ ਸ਼ੱਕ ਦੀ ਨਜ਼ਰ ਨਾਲ ਦੇਖਣਾ ਅਤੇ ਘੰਟਿਆਂ ਤੱਕ ਰੋਕਣਾ ਲੋਕਤੰਤਰਿਕ ਪ੍ਰਬੰਧ ਨਹੀਂ, ਸਗੋਂ ਪ੍ਰਸ਼ਾਸਨਿਕ ਧੱਕੇਸ਼ਾਹੀ ਦੀ ਨਿਸ਼ਾਨੀ ਹੈ।”
ਉਨ੍ਹਾਂ ਕਿਹਾ ਕਿ ਇਨ੍ਹਾਂ ਨਾਕਿਆਂ ਦਾ ਸਭ ਤੋਂ ਵੱਧ ਨੁਕਸਾਨ ਇਲਾਕੇ ਦੇ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਨੂੰ ਹੋ ਰਿਹਾ ਹੈ। ਟਰੈਫਿਕ ਜਾਮ, ਰੁਕਾਵਟਾਂ ਅਤੇ ਲਗਾਤਾਰ ਚੈਕਿੰਗ ਕਾਰਨ ਖਰੀਦਦਾਰ ਹੁਣ ਜਲੰਧਰ ਕੈਂਟ ਦੇ ਬਾਜ਼ਾਰਾਂ ਦੀ ਥਾਂ ਹੋਰ ਇਲਾਕਿਆਂ ਦਾ ਰੁਖ ਕਰ ਰਹੇ ਹਨ। ਇਸ ਕਾਰਨ ਵਪਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਕਈ ਕਾਰੋਬਾਰ ਆਪਣੀ ਆਮਦਨ ਵਿੱਚ ਵੱਡੀ ਗਿਰਾਵਟ ਦੀ ਸ਼ਿਕਾਇਤ ਕਰ ਰਹੇ ਹਨ। ਸੰਘਾ ਨੇ ਕਿਹਾ ਕਿ ਲੋਕਾਂ ਵਿੱਚ ਇਹ ਧਾਰਨਾ ਤੇਜ਼ੀ ਨਾਲ ਬਣ ਰਹੀ ਹੈ ਕਿ ਕੁਝ ਥਾਵਾਂ ’ਤੇ ਨਾਕਿਆਂ ਦੀ ਕਾਰਵਾਈ ਪਾਰਦਰਸ਼ੀ ਅਤੇ ਨਿਰਪੱਖ ਨਹੀਂ ਹੈ। ਅਜਿਹੀਆਂ ਸ਼ਿਕਾਇਤਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ “ਆਮ ਲੋਕਾਂ ਦੀ ਸੁਰੱਖਿਆ ਦੇ ਨਾਮ ’ਤੇ ਉਨ੍ਹਾਂ ਦੀ ਇੱਜ਼ਤ, ਸਮੇਂ ਅਤੇ ਰੋਜ਼ੀ-ਰੋਟੀ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਦੋਂ ਵਪਾਰੀ ਦੁਕਾਨਾਂ ’ਤੇ ਗਾਹਕਾਂ ਦੀ ਉਡੀਕ ਕਰ ਰਹੇ ਹੋਣ ਅਤੇ ਲੋਕ ਨਾਕਿਆਂ ’ਤੇ ਖੜ੍ਹੇ ਹੋਣ, ਤਾਂ ਇਹ ਸਰਕਾਰ ਦੀ ਨਾਕਾਮੀ ਦਾ ਸਭ ਤੋਂ ਵੱਡਾ ਸਬੂਤ ਹੈ।” ਉਨ੍ਹਾਂ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ ’ਤੇ ਨਾਕਾਮ ਸਾਬਤ ਹੋ ਰਹੀ ਹੈ। ਸੜਕਾਂ ਟੁੱਟੀਆਂ ਹੋਈਆਂ ਹਨ,ਕਾਨੂੰਨ-ਵਿਵਸਥਾ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਹੁਣ ਆਮ ਲੋਕਾਂ ਨੂੰ ਨਾਕਿਆਂ ਰਾਹੀਂ ਤੰਗ ਕੀਤਾ ਜਾ ਰਿਹਾ ਹੈ। “ਜੋ ਸਰਕਾਰ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਵਾਅਦੇ ਕਰਦੀ ਸੀ, ਉਹ ਅੱਜ ਲੋਕਾਂ ਨੂੰ ਆਪਣੇ ਹੀ ਸ਼ਹਿਰ ਵਿੱਚ ਆਜ਼ਾਦੀ ਨਾਲ ਆਉਣ-ਜਾਣ ਤੋਂ ਵੀ ਵਾਂਝਾ ਕਰ ਰਹੀ ਹੈ। ਇਹ ਲੋਕਾਂ ਦੇ ਸਬਰ ਦੀ ਕਸੌਟੀ ਲੈਣ ਵਾਲੀ ਸਰਕਾਰ ਬਣ ਚੁੱਕੀ ਹੈ।” ਸੰਘਾ ਨੇ ਮੰਗ ਕੀਤੀ ਕਿ ਜਲੰਧਰ ਕੈਂਟ ਦੇ ਸਿਵਲ ਇਲਾਕੇ ਵਿੱਚ ਲਗਾਏ ਜਾ ਰਹੇ ਨਾਕਿਆਂ ਦੀ ਤੁਰੰਤ ਸਮੀਖਿਆ ਕੀਤੀ ਜਾਵੇ ਅਤੇ ਆਮ ਲੋਕਾਂ ਅਤੇ ਵਪਾਰੀਆਂ ਨੂੰ ਹੋ ਰਹੀ ਪਰੇਸ਼ਾਨੀ ਦਾ ਪੱਕਾ ਹੱਲ ਕੱਢਿਆ ਜਾਵੇ।
MUNISH TOKHI