


ਜਲੰਧਰ 18 ਮਈ / ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਸੀ ਪੀ ਆਈ ਐਮ ਐਲ (ਲਿਬਰੇਸ਼ਨ) ਦੇ ਸੱਦੇ ਤੇ ਅੱਜ ਡੀਜ਼ਲ-ਪੈਟਰੋਲ,ਗੈਸ ਅਤੇ ਸੀਐਨਜੀ ਦੀਆਂ ਕੀਮਤਾਂ ‘ਚ ਮੋਦੀ ਸਰਕਾਰ ਵਲੋਂ ਕੀਤੇ ਗਏ ਅਸਹਿ ਵਾਧੇ ਖਿਲਾਫ ਜਮਸ਼ੇਰ ਖਾਸ ਅਤੇ ਸੰਤੋਖ ਪੁਰਾ ਤਹਿਸੀਲ ਜਲੰਧਰ ਤਿੱਖੇ ਰੋਸ ਪ੍ਰਦਰਸ਼ਨ ਕੀਤੇ ਗਏ । ਇਸ ਮੌਕੇ ਆਰ ਐਮ ਪੀ ਆਈ ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਦੋਹਾਂ ਪਾਰਟੀਆਂ ਵਲੋਂ ‘ਲੋਕਾਂ ਕੋਲ ਚੱਲੋ’ ਮੁਹਿੰਮ, ਜੋ 28 ਮਈ ਤੱਕ ਜਾਰੀ ਰਹੇਗੀ, ਅੱਜ ਦੇ ਰੋਸ ਮੁਜ਼ਾਹਰਿਆਂ ਦੌਰਾਨ ਰਾਕੇਟ ਦੀ ਤੇਜ਼ੀ ਨਾਲ ਵਧਦੀ ਜਾ ਰਹੀ ਲੱਕ-ਤੋੜ ਮਹਿੰਗਾਈ ਅਤੇ ਸਰਕਾਰ ਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਮਿਲੀ ਭੁਗਤ ਨਾਲ ਕੀਤੀ ਜਾ ਰਹੀ ਜਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਕਰਨ ਨਾਲ,ਡੀਜ਼ਲ-ਪੈਟਰੋਲ ਦੇ ਰੇਟ ਵਧਣ ਨਾਲ ਰੋਜ਼ਾਨਾ ਦੀ ਜਰੂਰਤ ਦੀ ਹਰ ਵਸਤ ਮਹਿੰਗੀ ਹੋ ਜਾਵੇਗੀ, ਜਿਸ ਨਾਲ ਮਹਿੰਗਾਈ ਦੀ ਮਾਰ ਹੇਠ ਪਹਿਲਾਂ ਹੀ ਤ੍ਰਾਹ-ਤ੍ਰਾਹ ਕਰ ਰਹੇ ਆਮ ਲੋਕਾਂ ਦਾ ਜਿਉਣਾ ਹੋਰ ਵੀ ਦੁਭਰ ਹੋ ਜਾਵੇਗਾ। ਨੂਰਪੁਰੀ ਨੇ ਦੋਸ਼ ਲਾਇਆ ਹੈ ਕਿ ਆਪਣੀ ਖੁਦ ਦੀ ਛਵੀ ਚਮਕਾਉਣ ਲਈ ਭੜਕੀਲੇ ਪ੍ਰਚਾਰ ਅਤੇ ਆਪਣੇ ਚਹੇਤੇ ਪੂੰਜੀਪਤੀਆਂ ਨੂੰ ਨਾਜਾਇਜ ਲਾਭ ਪੁਚਾਉਣ ਦੇ ਨਿਰੋਲ ਮਕਸਦ ਅਧੀਨ ਕੀਤੀਆਂ ਜਾਂਦੀਆਂ ਬੇਸ਼ੁਮਾਰ ਵਿਦੇਸ਼ ਯਾਤਰਾਵਾਂ ਤੇ ਦੇਸ਼ ਦੇ ਖਜ਼ਾਨੇ ਚੋਂ ਹਜ਼ਾਰਾਂ ਕਰੋੜ ਰੁਪਏ ਫੂਕਣ ਵਾਲਾ ਮੋਦੀ ਇਸ ਸੰਕਟ ਦੀ ਸਥਿਤੀ ‘ਚ ਲੋਕਾਂ ਦੀ ਮਦਦ ਕਰਨ ਲਈ ਠੋਸ ਕਦਮ ਚੁੱਕਣ ਦੀ ਥਾਂ ਦੇਸ਼ ਵਾਸੀਆਂ ਨੂੰ ‘ਭੁੱਖੇ ਮਰਨ’ ਦੇ ਹਾਸੋਹੀਣੇ ਮਸ਼ਵਰੇ ਦੇ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਮੋਦੀ ਸਰਕਾਰ ਦੇ 12 ਸਾਲਾਂ ਦੇ ਰਾਜ ਦੌਰਾਨ ਵਿਸ਼ਵ ਮੰਡੀ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਕਈ ਵੇਰ ਭਾਰੀ ਕਟੌਤੀ ਹੋਣ ਦੇ ਬਾਵਜੂਦ ਤੇਲ ਕੰਪਨੀਆਂ ਨੇ ਭਾਰਤ ਅੰਦਰ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਭੋਰਾ-ਭਰ ਵੀ ਨਹੀਂ ਸਨ ਘਟਾਈਆਂ ਅਤੇ ਭਾਰਤ ਦੇ ਗਰੀਬ ਖਪਤਕਾਰਾਂ ਦੀਆਂ ਜੇਬਾਂ ‘ਤੇ ਲੱਖਾਂ ਕਰੋੜ ਰੁਪਏ ਦਾ ਡਾਕਾ ਮਾਰਿਆ ਹੈ। ਡੀਜ਼ਲ-ਪੈਟਰੋਲ ਦੇ ਰੇਟਾਂ ‘ਚ ਕੀਤਾ ਗਿਆ ਮੌਜੂਦਾ ਵਾਧਾ ਵੀ ਤੇਲ ਕੰਪਨੀਆਂ ਦੇ ਧਨਾਢ ਮਾਲਕਾਂ ਦੇ ਹਿਤ ਸੁਰੱਖਿਤ ਰੱਖਣ ਦੀ ਕਵਾਇਦ ਹੀ ਹੈ। ਇਸ ਮੌਕੇ ਤਹਿਸੀਲ ਦੇ ਪ੍ਰਧਾਨ ਹਰੀਮੁਨੀ ,ਵਿੱਤ ਸਕੱਤਰ ਰਾਮ ਕਿਸ਼ਨ ਅਤੇ ਮੈਂਬਰ ਜਵਾਹਰ ਚੁਰੱਸੀਆ, ਭੋਲਾ ਪ੍ਰਸ਼ਾਦ, ਪਾਰਵਤੀ, ਸੰਤੋਖ ਸਿੰਘ ਜਮਸ਼ੇਰ , ਖੁਸ਼ੀ ਰਾਮ ਜਮਸ਼ੇਰ, ਸਟੀਫ਼ਨ ਮਸੀਹ ਚਿੱਤੇਵਾਣੀ, ਜਸਵਿੰਦਰ ਜਮਸ਼ੇਰ ਸਮੇਤ ਹੋਰ ਪਾਰਟੀ ਵਰਕਰ ਮੌਜੂਦ ਸੀ|
MUNISH TOKHI