ਜਲੰਧਰ 29 ਸਤੰਬਰ /ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਹੜਾਂ/ ਬਾਰਸ਼ਾਂ ਕਾਰਨ ਹੋਏ ਭਾਰੀ ਜਾਨੀ ਮਾਲੀ ਨੁਕਸਾਨ ਦੇ ਮੁਆਵਜ਼ੇ ਲਈ, ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਦਿੱਤੇ ਪੰਜਾਬ ਪੱਧਰੇ ਸੱਦੇ ਉੱਤੇ, ਜ਼ਿਲ੍ਹਾ ਜਲੰਧਰ ਅੰਦਰ ਇੱਕੋ ਦਿਨ 9 ਨੌਂ ਬਲਾਕਾਂ ਵਿੱਚ ਸੈਂਕੜੇ ਮਜ਼ਦੂਰ ਮੋਟਰਸਾਈਕਲ ਮਾਰਚ ਕਰਕੇ ਸੂਬਾ ਸਰਕਾਰ ਤੋਂ ਹੜ ਪ੍ਰਭਾਵਿਤ ਲੋਕਾਂ ਲਈ ਮੁਆਵਜ਼ੇ ਦੀ ਮੰਗ ਕਰਨਗੇ।ਉੱਕਤ ਜਾਣਕਾਰੀ ਦਿੰਦਿਆਂ ਸਾਂਝੇ ਮੋਰਚੇ ਦੇ ਆਗੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੱਸਿਆ ਕਿ, ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਾਂਝੇ ਮੋਰਚੇ ਦੀ ਮੀਟਿੰਗ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਬਲਦੇਵ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਪੱਧਰੀ ਸੱਦੇ ਤਹਿਤ 4-5 ਅਕਤੂਬਰ ਨੂੰ ਪੰਜਾਬ ਭਰ ਵਿਚ ਪਿੰਡਾਂ ਅੰਦਰ ਝੰਡਾ ਮਾਰਚ ਕਰਨ ਦੇ ਫੈਸਲੇ ਤਹਿਤ ਜ਼ਿਲ੍ਹੇ ਜਲੰਧਰ ਦੇ ਬਲਾਕਾਂ, ਕ੍ਰਮਵਾਰ ਨਕੋਦਰ, ਸ਼ਾਹਕੋਟ, ਲੋਹੀਆਂ, ਮਹਿਤਪੁਰ, ਨੂਰਮਹਿਲ, ਫਿਲੌਰ, ਕਰਤਾਰ ਪੁਰ, ਜਲੰਧਰ ਕੈਂਟ ਅਤੇ ਭੋਗਪੁਰ ਵਿਖੇ ਇੱਕੋ ਦਿਨ 4 ਅਕਤੂਬਰ ਨੂੰ ਮੋਟਰਸਾਈਕਲ ਮਾਰਚ ਕੀਤੇ ਜਾਣਗੇ। ਮੀਟਿੰਗ ਵਿੱਚ ਹਾਜ਼ਰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸੋਰ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਸੋਢੀ ਲਾਲ ਉੱਪਲ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਵੀਰ ਕੁਮਾਰ ਨੇ ਕਿਹਾ ਕਿ ਹੜਾਂ ਦੀ ਸਿੱਧੀ ਮਾਰ ਹੇਠ ਆਏ ਲੋਕਾਂ ਦਾ ਜਿੱਥੇ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਉੱਥੇ ਮਜ਼ਦੂਰ ਵਰਗ ਦੇ ਲੋਕਾਂ ਦੇ ਪੂਰੇ ਪੰਜਾਬ ਅੰਦਰ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ, ਉਨ੍ਹਾਂ ਕਿਹਾ ਜਥੇਬੰਦੀਆਂ ਦੇ ਸੰਘਰਸ਼ ਕਰਨ ਤੋਂ ਬਾਅਦ ਬੇਸ਼ੱਕ ਸਰਕਾਰ ਨੇ ਢਹਿ ਗਏ ਘਰਾਂ ਅਤੇ ਨੁਕਸਾਨੇ ਘਰਾਂ ਲਈ ਕੁਝ ਮੁਆਵਜ਼ਾ ਰਾਸ਼ੀ ਐਲਾਨੀ ਹੈ ਜੋ ਨੁਕਸਾਨ ਦੇ ਮੱਦੇਨਜ਼ਰ ਬਹੁਤ ਊਣੀ ਹੈ। ਆਗੂਆਂ ਨੇ ਕਿਹਾ ਕਿ ਸਿਤਮਜ਼ਰੀਫੀ ਤਾਂ ਇਹ ਹੈ ਕਿ ਅਜੇ ਤੱਕ ਕੋਈ ਅਧਿਕਾਰੀ ਮਜ਼ਦੂਰ ਘਰਾਂ ਦੇ ਸਰਵੇ ਕਰਨ ਨਹੀਂ ਆਇਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੂਬਾ ਸਰਕਾਰ ਕਿੰਨੀ ਕੁਝ ਸੰਜੀਦਾ ਹੈ?, ਉਨ੍ਹਾਂ ਕਿਹਾ ਕਿ 2023 ਦੇ ਹੜਾਂ ਵੇਲੇ ਵੀ ਸਿਰਫ਼ ਐਲਾਨ ਹੀ ਰਹਿ ਗਏ ਸਨ ਲੋਕਾਂ ਨੂੰ ਮੁਆਵਜ਼ਾ ਨਹੀਂ ਸੀ ਮਿਲਿਆ ਉਨ੍ਹਾਂ ਕਿਹਾ ਕਿ ਸਾਂਝਾ ਮਜ਼ਦੂਰ ਮੋਰਚਾ ਮੰਗ ਕਰਦਾ ਹੈ ਕਿ ਹੜਾਂ/ਬਾਰਸ਼ਾਂ ਨਾਲ ਢਹਿ ਗਏ ਘਰਾਂ ਨੂੰ ਮੁੜ ਉਸਾਰਨ ਲਈ 15 ਲੱਖ ਰੁਪਏ, ਬਾਲੇ ਗਾਡਰਾਂ ਵਾਲੀਆਂ ਛੱਤਾਂ ਬਦਲਣ ਲਈ 5 ਲੱਖ ਰੁਪਏ, ਹੜਾਂ ਚ ਜਾਨਾਂ ਗੁਆਉਣ ਵਾਲੇ ਪੀੜਤਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 25 ਲੱਖ ਰੁਪਏ ਅਤੇ ਮਜ਼ਦੂਰਾਂ ਦੀਆਂ ਟੁੱਟੀਆਂ ਦਿਹਾੜੀਆਂ ਦੀ ਭਰਪਾਈ ਲਈ ਪ੍ਰਤੀ ਪਰਿਵਾਰ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਇਹਨਾਂ ਮਾਰਚਾਂ ਵਿਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਵੋ ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਹੰਸਰਾਜ ਪੱਬਵਾਂ,ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਨਿਰਮਲ ਸਹੋਤਾ ਅਤੇ ਪਰਮਜੀਤ ਸਿੰਘ ਰੰਧਾਵਾ ਵੀ ਸ਼ਾਮਿਲ ਸਨ।
