
ਨਵਾਂਸ਼ਹਿਰ ( ਪੰਜਾਬ ਦੈਨਿਕ ਨਿਊਜ਼) ਅੱਜ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ)ਵਲੋਂ ਕੌਮਾਂਤਰੀ ਮਜਦੂਰ ਦਿਵਸ ਮੌਕੇ ਮਜਦੂਰ ਸੰਮੇਲਨ ਕੀਤਾ ਗਿਆ।ਸ਼ਹਿਰ ਵਿਚ ਮੁਜਾਹਰਾ ਕਰਨ ਉਪਰੰਤ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਵਿਸ਼ਾਲ ਮਜਦੂਰ ਸੰਮੇਲਨ ਕੀਤਾ ਗਿਆ।ਜਥੇਬੰਦੀ ਦੇ ਲਾਲ ਝੰਡਿਆਂ ਨਾਲ ਸਜੇ ਪੰਡਾਲ ਵਿਚ ਮਜਦੂਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਈ ਦਿਵਸ ਦੇ ਸ਼ਹੀਦ ਪੂੰਜੀਵਾਦ ਨੂੰ ਨਫ਼ਰਤ ਕਰਦੇ ਸਨ ਕਿਉਂਕਿ ਇਹ ਕੁਝ ਲੋਕਾਂ ਦੁਆਰਾ ਬਹੁਤ ਸਾਰੇ ਲੋਕਾਂ ਦੇ ਸ਼ੋਸ਼ਣ ‘ਤੇ ਅਧਾਰਤ ਹੈ ਅਤੇ ਸਮਾਜਵਾਦ ਦੀ ਵਕਾਲਤ ਕਰਦੇ ਸਨ ਕਿਉਂਕਿ ਇਹ ਹਰੇਕ ਮਨੁੱਖ ਦੀ ਭਲਾਈ ਨੂੰ ਸੁਰੱਖਿਅਤ ਕਰ ਸਕਦਾ ਹੈ। ਇਹਨਾਂ ਸ਼ਹੀਦਾਂ ਵੱਲੋਂ ਪੂੰਜੀਵਾਦ ਦੇ ਬਦਲ ਵਜੋਂ ਸਮਾਜਵਾਦ ਲਈ ਦਿੱਤਾ ਗਿਆ ਸੱਦਾ ਅਜੋਕੇ ਪੂੰਜੀਵਾਦ ਦੇ ਸੰਸਾਰ ਵਿੱਚ ਬਹੁਤ ਸਾਰਥਕ ਹੈ, ਜਿੱਥੇ ਪੂੰਜੀਵਾਦ ਵਿਸ਼ਾਲ ਲੋਕਾਂ ਦੀ ਗਰੀਬੀ, ਵੱਧ ਰਹੀ ਬੇਰੁਜ਼ਗਾਰੀ ਅਤੇ ਸਮਾਜ ਵਿੱਚ ਅਸਮਾਨਤਾਵਾਂ ਦਾ ਕਾਰਨ ਬਣ ਰਿਹਾ ਹੈ। ਆਗੂਆਂ ਨੇ ਕਿਹਾ ਕਿ ਚੋਟੀ ਦੇ ਦਸ ਪ੍ਰਤੀਸ਼ਤ ਅਮੀਰਾਂ ਕੋਲ 80% ਦੇ ਕਰੀਬ ਦੌਲਤ ਹੈ ਦੌਲਤ ਹੈ, ਜਦੋਂ ਕਿ 60% ਲੋਕ ਸਿਰਫ 4% ਦੌਲਤ ਦੇ ਮਾਲਕ ਹਨ। ਦੇਖਿਆ ਜਾਵੇ ਤਾਂ, ਚਾਰ ਲੇਬਰ ਕੋਡ, ਜੇਕਰ ਲਾਗੂ ਕੀਤੇ ਜਾਂਦੇ ਹਨ, ਤਾਂ ਬੇਰੁਜ਼ਗਾਰੀ ਵਧੇਗੀ ਅਤੇ ਨੌਕਰੀਆਂ ਦੇ ਨੁਕਸਾਨ ਵਿੱਚ ਹੋਰ ਵਾਧਾ ਕਰਨਗੇ ਕਿਉਂਕਿ ਪ੍ਰਬੰਧਕਾਂ ਨੂੰ ਭਰਤੀ ਅਤੇ ਛਾਂਟੀ ਦੀ ਆਗਿਆ ਦੇ ਕੇ ਛਾਂਟੀ ਅਤੇ ਤਾਲਾਬੰਦੀ ਵਿੱਚ ਢਿੱਲ ਦਿੱਤੀ ਗਈ ਹੈ ਇਸ ਨਾਲ ਮਜ਼ਦੂਰਾਂ ਦੀ ਖਰੀਦ ਸ਼ਕਤੀ ‘ਚ ਹੋਰ ਗਿਰਾਵਟ ਆਉਣ ਨਾਲ ਬਾਜ਼ਾਰ ‘ਚ ਮੰਗ ਹੋਰ ਵੀ ਘੱਟ ਜਾਵੇਗੀ, ਜਿਸ ਦਾ ਅਰਥਚਾਰੇ ‘ਤੇ ਹੋਰ ਮਾੜਾ ਅਸਰ ਪਵੇਗਾ। ਆਰਐਸਐਸ-ਭਾਜਪਾ ਸਰਕਾਰ ਜਨਤਕ ਜਾਇਦਾਦ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੀ ਆਪਣੀ ਵਚਨਬੱਧਤਾ ਦਾ ਐਲਾਨ ਕਰਦੀ ਰਹੀ ਹੈ। ਜਨਤਕ ਖੇਤਰ ਦੇ ਉਦਯੋਗ ਅਤੇ ਜਨਤਕ ਖੇਤਰ ਦੇ ਬੈਂਕ ਪਹਿਲਾਂ ਹੀ ਨਿੱਜੀਕਰਨ ਦੀ ਤਲਵਾਰ ਹੇਠ ਹਨ। ਐਲ ਆਈ ਸੀ ਵਿਨਿਵੇਸ਼ ਲਈ ਤਿਆਰ ਹੈ। ਸਰਕਾਰ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਈ ਜਨਤਕ ਖੇਤਰ ਮੁਨਾਫਾ ਕਮਾ ਰਹੇ ਹਨ ਅਤੇ ਸਰਕਾਰ ਨੂੰ ਟੈਕਸ ਅਤੇ ਲਾਭਅੰਸ਼ ਦੀ ਵੱਡੀ ਰਕਮ ਅਦਾ ਕਰ ਰਹੇ ਹਨ। ਸਰਕਾਰ ਨਿੱਜੀਕਰਨ ਨੂੰ ਉਸੇ ਤਰ੍ਹਾਂ ਪਿਆਰ ਕਰਦੀ ਹੈ ਜਿਵੇਂ ਉਹ ਅਡਾਨੀਆਂ ਅਤੇ ਅੰਬਾਨੀਆਂ ਨੂੰ ਪਿਆਰ ਕਰਦੀ ਹੈ। ਇਹ ਮਈ ਦਿਵਸ ਅਜਿਹੇ ਸਮੇਂ ਆਇਆ ਹੈ ਜਦੋਂ ਕਿਰਤੀ ਵਰਗ ਅਤੇ ਆਮ ਲੋਕ ਡੀਜ਼ਲ, ਗੈਸ ਵਰਗੀਆਂ ਤੇਲ ਦੀਆਂ ਕੀਮਤਾਂ ਸਮੇਤ ਹੋਰ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਹੇਠ ਦੱਬੇ ਜਾ ਰਹੇ ਹਨ। ਇਨ੍ਹਾਂ ਵਸਤਾਂ ਦੀ ਕੀਮਤ ਦਾ ਵੱਡਾ ਹਿੱਸਾ ਟੈਕਸਾਂ ਦਾ ਹੈ ਜੋ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਜੇਬਾਂ ਵਿੱਚ ਜਾਂਦਾ ਹੈ। ਟਰਾਂਸਪੋਰਟ ਕਾਮਿਆਂ, ਆਟੋ ਵਰਕਰਾਂ ਨੂੰ ਭਾਰੀ ਤਣਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਫਟੂ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ,ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ ਆਟੋ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਬਛੌੜੀ, ਆਸ਼ਾ ਵਰਕਰ ਅਤੇ ਫੈਸਲੀਟੇਟਰ ਯੂਨੀਅਨ ਦੀ ਜਿਲਾ ਪ੍ਰਧਾਨ ਸ਼ਕੁੰਤਲਾ ਸਰੋਏ ਨੇ ਕਿਹਾ ਕਿ ਅੱਜ ਕੌਮੀ ਪੱਧਰ ਅਤੇ ਕੌਮਾਂਤਰੀ ਪੱਧਰ ਉੱਤੇ ਕਿਰਤੀ ਵਰਗ ਅੱਗੇ ਬੜੀਆਂ ਵੱਡੀਆਂ ਚਣੌਤੀਆਂ ਹਨ।ਮੋਦੀ ਸਰਕਾਰ ਨੇ ਪਹਿਲੇ ਮਜਦੂਰ ਪੱਖੀ ਕਿਰਤ ਕਾਨੂੰਨ ਰੱਦ ਕਰਕੇ ਮਜਦੂਰ ਵਿਰੋਧੀ ਅਤੇ ਪੂੰਜੀਪਤੀ ਪੱਖੀ ਚਾਰ ਕਿਰਤ ਕੋਡ ਲਿਆਂਦੇ ਹਨ ਜੋ ਕਿਰਤੀ ਵਰਗ ਉੱਤੇ ਮੋਦੀ ਸਰਕਾਰ ਦਾ ਬਹੁਤ ਵੱਡਾ ਹਮਲਾ ਹੈ।ਦੇਸ਼ ਵਿਚ ਕੰਮ ਸਥਾਨਾਂ ਦੀ ਅਸੁਰੱਖਿਆ ਨਿੱਤ ਮਜਦੂਰਾਂ ਦੀਆਂ ਜਾਨਾਂ ਲੈ ਰਹੀ ਹੈ।ਮਾਲਕਾਂ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਾ ਸਰਕਾਰਾਂ ਮਾਲਕਾਂ ਦੀ ਪਿੱਠ ਥਾਪੜ ਰਹੀਆਂ ਹਨ।ਇਹ ਸਰਕਾਰਾਂ ਕਿਰਤੀਆਂ, ਕਿਸਾਨਾਂ, ਮੁਲਾਜਮਾ ਦੇ ਪੁਰਅਮਨ ਰੈਲੀਆਂ, ਧਰਨਿਆਂ ਅਤੇ ਮੁਜਾਹਰਿਆਂ ਉੱਤੇ ਫਾਸ਼ੀਵਾਦੀ ਹੱਲੇ ਬੋਲ ਰਹੀਆਂ ਹਨ।ਸਰਕਾਰਾਂ ਲੋਕਾਂ ਵਿਚ ਧਾਰਮਿਕ ਜਨੂੰਨ ਭੜਕਾ ਕੇ ਉਹਨਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾ ਕੇ ਪੂੰਜੀਪਤੀਆਂ ਦੀ ਸੇਵਾ ਕਰ ਰਹੀਆਂ ਹਨ।ਮਹਿੰਗਾਈ ,ਬੇਰੁਜ਼ਗਾਰੀ ,ਭ੍ਰਿਸ਼ਟਾਚਾਰ ਤੋਂ ਦੁਖੀ ਆਮ ਜਨਤਾ ਕਰਾਹ ਰਹੀ ਹੈ।ਹਾਕਮ ਜਮਾਤੀ ਪਾਰਟੀਆਂ ਦੀਆਂ ਸਰਕਾਰਾਂ ਜਮਹੂਰੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਖੁਦ ਹੀ ਪੈਰਾਂ ਹੇਠ ਦਰੜ ਰਹੀਆਂ ਹਨ।ਇਸ ਮੌਕੇ ਡੀ.ਟੀ.ਐਫ ਦੇ ਜਿਲਾ ਪ੍ਰਧਾਨ ਜਸਵਿੰਦਰ ਔਜਲਾ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਕਮਲਜੀਤ ਸਨਾਵਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਔੜ ਦੇ ਪ੍ਰਧਾਨ ਡਾਕਟਰ ਅਸ਼ੋਕ ਸ਼ਰਮਾ ਨੇ ਵੀ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਮਾਨ ਸਰਕਾਰ ਲੋਕਾਂ ਨਾਲ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ ਅਤੇ ਇਸਦੇ ਲਈ ਨਵੇਂ ਨਵੇਂ ਬਹਾਨੇ ਤਲਾਸ਼ ਰਹੀ ਹੈ। ਉਹਨਾਂ ਕਿਹਾ ਕਿ ਮਈ ਦਿਵਸ ‘ਤੇ ਮਜ਼ਦੂਰ ਜਮਾਤ ‘ਤੇ ਹੋ ਰਹੇ ਹਮਲਿਆਂ ਦਾ ਟਾਕਰਾ ਕਰਨ ਅਤੇ ਹੱਕਾਂ ਦੀ ਰਾਖੀ ਅਤੇ ਨੌਕਰੀਆਂ ਦੀ ਰਾਖੀ ਲਈ ਜਨਤਕ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ।ਇਸ ਮੌਕੇ ਆਜ਼ਾਦ ਕਲਾ ਮੰਚ ਫਗਵਾੜਾ ਵਲੋਂ ਬੀਬਾ ਕੁਲਵੰਤ ਕੌਰ ਦੀ ਨਿਰਦੇਸ਼ਨਾ ਹੇਠ ‘ ਦ ਗ੍ਰੇਟ ਅੰਬੇਡਕਰ’ ਨਾਟਕ ਖੇਡਿਆ ਗਿਆ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।

