ਪਤਾਰਾ/ਜਲੰਧਰ ਕੈਂਟ –ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ/ ਜੇ ਪੀ ਸੋਨੂ) ਬੀਤੇ ਦਿਨ ਪਿੰਡ ਪਤਾਰਾ ਵਿਖੇ ਨਸ਼ਾ ਕਰ ਰਹੇ ਨੌਜਵਾਨਾਂ ‘ਤੇ ਥਾਣਾ ਪਤਾਰਾ ਦੇ ਐਸ.ਐਚ.ਓ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਰੇਡ ਕਰਨ ਗਈ ਥਾਣਾ ਪਤਾਰਾ ਦੀ ਪੁਲਿਸ ਟੀਮ ‘ਤੇ ਨਸ਼ਾ ਕਰ ਹਮਲਾ ਕਰਨ ਵਾਲੇ 6 ਨੌਜਵਾਨਾਂ ਵਿਚੋਂ ਪੁਲਿਸ ਨੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਦਕਿ 3 ਮੁਲਜ਼ਮ ਅਜੇ ਵੀ ਫ਼ਰਾਰ ਚੱਲ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਡੀ.ਐਸ.ਪੀ ਆਦਮਪੁਰ ਸੁਮਿਤ ਸੂਦ ਨੇ ਦੱਸਿਆ ਕਿ ਬੀਤੇ ਦਿਨ ਨਸ਼ਾ ਕਰ ਰਹੇ ਮੁਲਜ਼ਮਾਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਥਾਣਾ ਪਤਾਰਾ ਵਿਖੇ ਧਾਰਾ 307,353, 186,332,148,149 ਤਹਿਤ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ, ਜਿਨ੍ਹਾਂ ਵਿਚੋਂ ਤਿੰਨ ਮੁਲਜ਼ਮਾਂ ਹਰਮਨਜੋਤ ਸਿੰਘ, ਗੁਰਜੀਤ ਸਿੰਘ ਉਰਫ਼ ਜੀਤਾ, ਪਰਗਟ ਸਿੰਘ ਉਰਫ਼ ਸੋਨੂੰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਹਮਲੇ ਦਾ ਮੁੱਖ ਮੁਲਜ਼ਮ ਤਰਲੋਕ ਲਾਲ ਉਰਫ਼ ਹਰਮਨ ਸੰਧੂ ਉਰਫ਼ ਸੋਨੂੰ, ਜਿਸਨੇ ਜਾਨੋ ਮਾਰਨ ਦੀ ਮਨਸ਼ਾ ਨਾਲ ਪੁਲਿਸ ਮੁਲਾਜ਼ਮ ਸੀਨੀਅਰ ਕਾਂਸਟੇਬਲ ਜਸਵੀਰ ਸਿੰਘ ‘ਤੇ ਖੰਡਾ ਨੁਮਾ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ, ਗਗਨਦੀਪ ਸਿੰਘ ਅਤੇ ਸੰਦੀਪ ਕੁਮਾਰ ਉਰਫ਼ ਸ਼ੀਪਾ ਅਜੇ ਵੀ ਪੁਲਿਸ ਗ੍ਰਿਫਤ ‘ਚੋਂ ਬਾਹਰ ਹਨ । ਉਨ੍ਹਾਂ ਕਿਹਾ ਕਿ ਫਰਾਰ ਹੋਏ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਜਲਦ ਪੁਲਿਸ ਗ੍ਰਿਫਤ ‘ਚ ਹੋਣਗੇ । ਡੀ.ਐਸ.ਪੀ ਸੁਮਿਤ ਸੂਦ ਨੇ ਦੱਸਿਆ ਕਿ ਹਮਲੇ ਦਾ ਮੁੱਖ ਮੁਲਜ਼ਮ ਤਰਲੋਕ ਲਾਲ ਉਰਫ਼ ਹਰਮਨ ਸੰਧੂ ਉਰਫ਼ ਸੋਨੂੰ ਉਪਰ ਪਹਿਲਾਂ ਵੀ ਦੋ ਮਾਮਲੇ ਦਰਜ ਹਨ, ਜਿੰਨ੍ਹਾਂ ਵਿੱਚ ਮੁਲਜ਼ਮ ਉਕਤ ਨੂੰ ਪੁਲਿਸ ਟੀਮ ਨੇ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਅਤੇ 26-ਅਗਸਤ-2023 ਨੂੰ ਐਨ.ਡੀ.ਪੀ.ਐਸ ਐਕਟ ਤਹਿਤ 46 ਨੰਬਰ ਐਫ.ਆਈ.ਆਰ ਦਰਜ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਦੂਜਾ ਮਾਮਲਾ ਸਾਲ 2020 ਦਾ ਹੈ ਜਿਸ ‘ਚ ਮੁਲਜ਼ਮ ਉਕਤ ਨੇ ਇੱਕ ਔਰਤ ਨਾਲ ਬਦਸਲੂਕੀ ਕੀਤੀ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਖਿਲਾਫ਼ ਆਈ.ਪੀ.ਸੀ ਦੀ ਧਾਰਾ 354-ਡੀ, 354-ਈ, 506 ਅਤੇ 509 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਮੁਲਜ਼ਮ ਉਕਤ ਦਰਜ ਪਹਿਲੇ ਮਾਮਲਿਆਂ ਕੋਰਟ ਸੁਣਵਾਈ ਦੀ ਤਰੀਕਾਂ ‘ਤੇ ਨਹੀਂ ਪਹੁੰਚ ਰਿਹਾ ਪਰ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ।