


ਜਲੰਧਰ (ਪੰਜਾਬ ਦੈਨਿਕ ਨਿਊਜ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਬੁੱਧਵਾਰ ਸਵੇਰੇ 11:30 ਵਜੇ ਸਥਾਨਕ ਪੀ.ਏ.ਪੀ. ਕੰਪਲੈਕਸ ਵਿਖੇ ਹੋਵੇਗੀ ਅਤੇ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਜਲੰਧਰ-ਫਗਵਾੜਾ ਰੋਡ ’ਤੇ ਸਥਿਤ ਕਬਾਨਾ ਰਿਜੋਰਟ ਵਿਖੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਜਨਤਕ ਮਿਲਣੀ ਕਰਨਗੇ। ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੀ.ਏ.ਪੀ. ਕੰਪਲੈਕਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਕਬਾਨਾ ਰਿਜੋਰਟ ਵਿਖੇ ਪਬਲਿਕ ਮਿਲਣੀ ਦੌਰਾਨ ਲੋਕ ਮਸਲਿਆਂ ਦੀ ਸੁਣਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਕਬਾਨਾ ਰਿਜੋਰਟ ਵਿਖੇ ਕੈਬਨਿਟ ਮੰਤਰੀ ਆਪਣੇ ਵਿਭਾਗਾਂ ਨਾਲ ਸਬੰਧਿਤ ਮਸਲਿਆਂ ਦੀ ਸੁਣਵਾਈ ਕਰਕੇ ਮੌਕੇ ’ਤੇ ਲੋੜੀਂਦੇ ਨਿਰਦੇਸ਼ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਵਿਭਾਗ ਜਿਨਾਂ ਵਿੱਚ ਸਥਾਨਕ ਸਰਕਾਰਾਂ, ਪੁਲਿਸ, ਸਿਹਤ, ਮਾਲ, ਲੋਕ ਨਿਰਮਾਣ, ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤਾਂ, ਪ੍ਰਵਾਸੀ ਭਾਰਤੀ ਮਾਮਲੇ, ਪਸ਼ੂ ਪਾਲਣ, ਸਕੂਲ ਸਿੱਖਿਆ ਆਦਿ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹਿਣਗੇ।
