







ਜਲੰਧਰ 11 ਮਾਰਚ (ਪੰਜਾਬ ਦੈਨਿਕ ਨਿਊਜ ) ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਤੇ ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਅਹਿਮ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਕੇਂਦਰੀ ਜੇਲ੍ਹ ਕਪੂਰਥਲਾ ਤੋਂ ਹੋਈ ਰਿਹਾਈ ਉਪਰੰਤ ਸਿੱਧਾ ਲਤੀਫ਼ਪੁਰਾ ਮੋਰਚਾ ‘ਤੇ ਪੁੱਜੇ ਜਿੱਥੇ ਲਤੀਫ਼ਪੁਰਾ ਮੋਰਚੇ ਦੇ ਆਗੂਆਂ ਅਤੇ ਲਤੀਫਪੁਰਾ ਵਾਸੀਆਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਅਤੇ ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਆਗੂ ਗੁਰਮੁੱਖ ਸਿੰਘ ਜਲੰਧਰੀ,ਮਨਜਿੰਦਰ ਕੌਰ,ਬਲਜਿੰਦਰ ਕੌਰ,ਰੀਟਾ ਦੇਵੀ,ਜਸਕਰਨ ਸਿੰਘ,ਗੁਰਦੀਪ ਸਿੰਘ,ਗੁਰਬਖਸ਼ ਸਿੰਘ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਜਸਵੀਰ ਕੌਰ ਜੱਸੀ ਆਦਿ ਨੇ ਕਿਹਾ ਕਿ ਕਸ਼ਮੀਰ ਸਿੰਘ ਘੁੱਗਸ਼ੋਰ ਲਤੀਫ਼ਪੁਰਾ ਮੋਰਚੇ ਦੇ ਪ੍ਰਮੁੱਖ ਆਗੂ ਹਨ, ਜਿਸਨੂੰ ਸਰਕਾਰ ਨੇ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਗਿਰਫ਼ਤਾਰ ਕੀਤਾ ਸੀ।
ਆਗੂਆਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਲੋਕਾਂ ਨੂੰ ਸੰਘਰਸ਼ ਕਰਨ ਲਈ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਸਰਕਾਰ ਲੋਕਾਂ ਤੋਂ ਰੁਜ਼ਗਾਰ , ਸਿਖਿਆ,ਸਿਹਤ ਸਹੂਲਤ ਖੋਹ ਰਹੀ ਹੈ।
ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੇ ਆਗੂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਦੀ ਅੱਜ 25 ਵੇਂ ਦਿਨ ਹੋਈ ਰਿਹਾਈ ਮੌਕੇ ਕਪੂਰਥਲਾ ਜੇਲ੍ਹ ਦੇ ਬਾਹਰ ਪੇੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਗੁਰਪ੍ਰੀਤ ਸਿੰਘ ਚੀਦਾ,ਕੇ ਐੱਸ ਅਟਵਾਲ,ਬਲਬੀਰ ਸਿੰਘ ਧੀਰਪੁਰ, ਬਲਵਿੰਦਰ ਕੌਰ ਦਿਆਲਪੁਰ,ਸਰਬਜੀਤ ਕੌਰ,ਪਰਮਜੀਤ ਕੌਰ,ਰੀਟਾ ਦੇਵੀ , ਬਲਜਿੰਦਰ ਕੌਰ ਆਦਿ ਵਲੋਂ ਸਵਾਗਤ ਕੀਤਾ ਗਿਆ।










