


ਜਲੰਧਰ,21 ਜਨਵਰੀ (PUNJAB DAINIK NEWS ) ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੀ ਅਗਵਾਈ ਹੇਠ ਮੋਰਚੇ ਉੱਪਰ ਡਟੇ ਲੋਕਾਂ ਨੇ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਹੈ। ਅੱਜ ਸ਼ਾਮ ਵੇਲੇ ਲਤੀਫ਼ਪੁਰਾ ਤੋਂ ਮੁਜ਼ਾਹਰਾ ਦੇ ਰੂਪ ਵਿੱਚ ਵਹੀਕਲ ਦੇ ਮਗਰ ਮੁੱਖ ਮੰਤਰੀ, ਚੇਅਰਮੈਨ ਇੰਮਰੂਵਮੈਂਟ ਟਰੱਸਟ ਦਾ ਪੁਤਲਾ ਸ਼ਹਿਰ ਦੀਆਂ ਸੜਕਾਂ ਉੱਪਰ ਘੜੀਸਣ ਉਪਰੰਤ ਇੰਮਰੂਵਮੈਂਟ ਟਰੱਸਟ ਦੇ ਦਫ਼ਤਰ ਅੱਗੇ ਫ਼ੂਕਿਆ ਗਿਆ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੇ ਆਗੂ ਤੇ ਬੀਕੇਯੂ ਰਾਜੇਵਾਲ ਦੇ ਆਗੂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਪੀਕੇਯੂ ਬਾਗੀ ਦੇ ਤਰਸੇਮ ਸਿੰਘ ਵਿੱਕੀ ਜੈਨਪੁਰ, ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ, ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਮੱਲ੍ਹੀ ਨੰਗਲ,ਬਲਜਿੰਦਰ ਕੌਰ, ਹਰਜਿੰਦਰ ਕੌਰ ਬਾਠ, ਪਿੰਦੂ ਬਾਸੀ, ਪਰਮਿੰਦਰ ਸਿੰਘ ਮਿੰਟੂ, ਮਹਿੰਦਰ ਸਿੰਘ ਬਾਜਵਾ, ਸੁਖਜੀਤ ਸਿੰਘ ਡਰੋਲੀ, ਪਰਮਜੀਤ ਸਿੰਘ ਜੱਬੋਵਾਲ,ਜਸਵੀਰ ਕੌਰ ਜੱਸੀ ਨੇ ਕਿਹਾ ਕਿ ਲਤੀਫ਼ਪੁਰਾ ਇਲਾਕੇ ਦੇ ਲੋਕ ਪਹਿਲਾਂ ਪਾਕਿਸਤਾਨ ਤੋਂ ਉਜਾੜੇ ਗਏ ਅਤੇ 9 ਦਸੰਬਰ 2022 ਨੂੰ ਬਦਲਾਅ ਦਾ ਨਾਹਰਾ ਦੇ ਕੇ ਸੱਤਾ ਵਿੱਚ ਆਈ ਭਗਵੰਤ ਸਿੰਘ ਮਾਨ ਨੇ ਉਜਾੜ ਦਿੱਤਾ। ਉਨ੍ਹਾਂ ਕਿਹਾ ਕਿ 241 ਮਰਲੇ ਰਕਬੇ ਦਾ ਕਬਜ਼ਾ ਲੈਣ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਦੇ ਆਦੇਸ਼ਾਂ ਉੱਤੇ ਕਰੀਬ 350 ਤੋਂ ਵੱਧ ਮਰਲੇ ਵਿੱਚ ਵਸੇ ਘਰਾਂ ਉੱਪਰ ਬੁਲਡੋਜ਼ਰ ਚਲਾ ਕੇ ਸਭ ਕੁੱਝ ਤਹਿਸ ਨਹਿਸ ਕਰ ਦਿੱਤਾ।ਇੱਕ ਪਾਸੇ ਸਰਕਾਰ ਗਲਤੀਆਂ ਮੰਨੀ ਜਾ ਰਹੀ ਅਤੇ ਦੂਜੇ ਪਾਸੇ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਦੇ ਜ਼ਖਮਾਂ ਉੱਪਰ ਲੂਣ ਭੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਨਾਜਾਇਜ਼ ਕਬਜੇ ਜਾਂ ਭੂ-ਮਾਫੀਆਂ ਬਾਰੇ ਪ੍ਰਚਾਰ ਰਹੀ ਹੈ,ਲਤੀਫਪੁਰਾ ਮੁਡ਼ ਵਸੇਬਾ ਮੋਰਚਾ ਦਾ ਅਜਿਹੇ ਕਿਸੇ ਵੀ ਗ਼ਲਤ ਵਿਅਕਤੀ ਵਿਸ਼ੇਸ਼ ਨਾਲ ਕੋਈ ਸੰਬੰਧ ਨਹੀ ਹੈ ਅਤੇ ਨਾ ਹੀ ਕਿਸੇ ਗ਼ਲਤ ਵਿਅਕਤੀ ਦੀ ਹਮਾਇਤ ਕਰਦਾ ਹੈ।ਉਨ੍ਹਾਂ ਕਿਹਾ ਕਿ ਲਤੀਫਪੁਰਾ ਦੇ ਇਹ ਉਜਾਡ਼ੇ ਹੋਏ ਲੋਕ 75 ਸਾਲ ਤੋਂ ਇੱਥੇ ਹੀ ਵਸਦੇ ਸਨ। ਜਲਦਬਾਜ਼ੀ ਵਿੱਚ ਭੂ-ਮਾਫੀਆ ਤੇ ਵੱਡੇ ਵਿਉਪਾਰੀਆਂ ਨੂੰ ਲਾਹਾ ਪੁਚਾਉਣ ਲਈ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਲਤੀਫ਼ਪੁਰਾ ਨੂੰ ਉਜਾੜਨ ਉਪਰੰਤ ਭਗਵੰਤ ਸਿੰਘ ਮਾਨ ਸਰਕਾਰ ਦਾ ਜੋ ਅਸਲੀ ਲੋਕ ਵਿਰੋਧੀ ਚਿਹਰਾ ਨੰਗਾ ਹੋਇਆ। ਆਪਣੇ ਲੋਕ ਵਿਰੋਧੀ,ਲੋਕ ਉਜਾੜੂ ਚਿਹਰੇ ਨੂੰ ਢੱਕਣ ਲਈ ਸਰਕਾਰ ਇਸ ਮਸਲੇ ਨੂੰ ਹੋਰ ਰੰਗਤ ਦੇਣ ਲਈ ਇਸ ਤਰ੍ਹਾਂ ਦੇ ਮਨਘੜਤ ਇਲਜ਼ਾਮ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਬੁਖਲਾਹਟ ਵਿੱਚ ਆ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਥਾਂ ਸਰਕਾਰ ਨੂੰ ਮਸਲੇ ਦਾ ਤੁਰੰਤ ਹੱਲ ਕਰਦਿਆ ਉਜਾਡ਼ੇ ਹੋਏ ਲੋਕਾਂ ਨੂੰ ਲਤੀਫ਼ਪੁਰਾ ਚ ਹੀ ਮੁੜ ਵਸਾਉਣਾ ਚਾਹੀਦਾ ਹੈ। ਮੋਰਚੇ ਦੇ ਆਗੂਆ ਨੇ ਐਲਾਨ ਕਰਦਿਆਂ ਕਿਹਾ ਕਿ ਅੰਦੋਲਨ ਪਾਕਿਸਤਾਨ ਪਿਛੋਕੜ ਨਾਲ ਸੰਬੰਧਿਤ ਉਜਾੜੇ ਪਰਿਵਾਰਾਂ ਅਤੇ ਲੋੜਵੰਦ ਲੋਕਾਂ ਦੇ ਮੁੜ ਉਸ ਜਗ੍ਹਾ ਉੱਪਰ ਹੀ ਵਸੇਬਾ ਕਰਨ, ਉਹਨਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਅਤੇ ਗਾਲੀ ਗਲੋਚ ਕਰਨ ਵਾਲੇ ਡੀ.ਸੀ.ਪੀ. ਤੇਜਾ ਖਿਲਾਫ਼ ਕਾਰਵਾਈ ਕਰਨ ਤੱਕ ਜਾਰੀ ਰਹੇਗਾ।ਮੋਰਚੇ ਵਲੋਂ 26 ਜਨਵਰੀ ਨੂੰ ਜਲੰਧਰ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਗਣਤੰਤਰ ਦਿਵਸ ਮੌਕੇ ਗਵਰਨਰ ਪੰਜਾਬ ਦੀ ਆਮਦ ਮੌਕੇ ਕਾਲ਼ੇ ਝੰਡਿਆਂ ਨਾਲ ਪ੍ਰਦਰਸ਼ਨ ਕਰਨ ਸੰਬੰਧੀ ਤਿਆਰੀਆਂ ਜਾਰੀ ਹਨ।
ਮੋਰਚੇ ਉੱਪਰ ਡਟੀ ਮਹਿਕਪ੍ਰੀਤ ਕੌਰ ਹੋਈ ਬੇਹੋਸ਼, ਹਸਪਤਾਲ ਦਾਖਿਲ
ਮੋਰਚੇ ਉੱਤੇ ਆਪਣੇ ਮਾਪਿਆਂ ਤੇ ਪੰਜਵੀਂ ਕਲਾਸ ਚ ਪੜ੍ਹਦੀ ਵੱਡੀ ਭੈਣ ਨਾਲ ਡਟੀ ਹੋਈ ਮਹਿਕਪ੍ਰੀਤ ਕੌਰ ਬੇਹੋਸ਼ ਕੇ ਡਿੱਗ ਪਈ। ਜਿਸਨੂੰ ਗੁਰੂ ਤੇਗ ਬਹਾਦਰ ਗੁਰੂਦਵਾਰਾ ਸਾਹਿਬ ਦੇ ਹਸਪਤਾਲ ਭਰਤੀ ਕਰਵਾਉਣਾ ਪਿਆ। ਜਿੱਥੇ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਲੜਕੀ ਨੂੰ 104 ਬੁਖ਼ਾਰ ਹੈ। ਖ਼ੂਨ ਦੇ ਸੈਂਪਲ ਲੈ ਕੇ ਬਾਕੀ ਟੈਸਟ ਕੀਤੇ ਜਾ ਰਹੇ ਹਨ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਕੈਂਪ ‘ਤੇ ਸੇਵਾਵਾਂ ਦੇ ਰਹੇ ਡਾਕਟਰ ਅਸ਼ੋਕ ਕੁਮਾਰ,ਡਾਕਟਰ ਰਾਜ ਕੁਮਾਰ,ਡਾਕਟਰ ਗੋਪਾਲ ਸਿੰਘ ਅਤੇ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਮੋਰਚੇ ਦੇ ਬੈਠੇ 25 ਤੋਂ ਵੱਧ ਲੋਕਾਂ ਨੂੰ ਠੰਡ ਕਾਰਨ ਵੱਧ ਬੀਪੀ , ਬੁਖਾਰ, ਖ਼ਾਸੀ-ਜ਼ੁਕਾਮ ਦੀ ਸ਼ਿਕਾਇਤ ਪਾਈ ਗਈ।

