ਹੁਸ਼ਿਆਰਪੁਰ (ਪੰਜਾਬ ਦੈਨਿਕ ਨਿਊਜ਼ ) ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਦੀਆਂ ਹਦਾਇਤਾਂ ‘ਤੇ ਅੱਜ ਹੁਸ਼ਿਆਰਪੁਰ-ਚਿੰਤਪੁਰਨੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਇਸ ਸੜਕ ਤੋਂ ਲੰਘਣ ਵਾਲੇ ਯਾਤਰੀਆਂ ਨੂੰ ਸਫ਼ਰ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਸੜਕ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਖਸਤਾਹਾਲ ਕੌਮੀ ਮਾਰਗ ਕਾਰਨ ਮਾਤਾ ਚਿੰਤਪੁਰਨੀ ਤੇ ਹਿਮਾਚਲ ਪ੍ਰਦੇਸ਼ ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਕੇਂਦਰ ਸਰਕਾਰ ਵੱਲੋਂ ਇਸ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦਕਿ ਹੁਸ਼ਿਆਰਪੁਰ ਵਾਸੀਆਂ ਵੱਲੋਂ ਲਗਾਤਾਰ ਇਸ ਮਸਲੇ ਨੂੰ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਫੀ ਜੱਦੋਜਹਿਦ ਤੋਂ ਬਾਅਦ ਅੱਜ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਕੰਮ ਦੇ ਮੁਕੰਮਲ ਹੋਣ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਕਦਮੀ ਦੇ ਚਲਦੇ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
