

ਕਪੂਰਥਲਾ ਢਿੱਲਵਾਂ ਪੰਜਾਬ ਦੈਨਿਕ ਨਿਊਜ (ਰਵਿੰਦਰ ਰਵੀ ) ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੈਡੀਕਲ ਅਫ਼ਸਰ ਐਸ.ਡੀ.ਐਚ ਭੁੱਲਥ ਵੱਲੋਂ ਹਸਪਤਾਲ ਆਏ ਲੋਕਾਂ ਅਤੇ ਮਰੀਜ਼ਾਂ ਨੂੰ ਮਲੇਰੀਆਂ ਬੁਖਾਰ ਸੰਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ। ਉਨ੍ਹਾਂ ਇਸ ਮੌਕੇ ਆਏ ਲੋਕਾਂ ਨੂੰ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਣ ਤੇ ਜਲਦ ਹੀ ਸਮੇਂ ਸਿਰ ਨਜਦੀਕੀ ਸਰਕਾਰੀ ਸਿਹਤ ਕੇਂਦਰ ਚ ਜਾ ਡਾਕਟਰ ਸਲਾਹ ਨਾਲ ਖੂਨ ਜਾਂਚ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਇਹ ਵੀ ਦੱਸਇਆ ਕਿ ਮਲੇਰੀਆ ਦਾ ਟੈਸਟ ਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਮਲੇਰੀਆ ਐਨੋਫਿਲਿਜ ਮੱਛਰ ਦੇ ਕੱਟਣ ਕਾਰਣ ਹੋਣ ਵਾਲਾ ਰੋਗ ਹੈ। ਇਹ ਮਾਦਾ ਮਛਰ ਗੰਦੇ ਪਾਣੀ ਵਿਚ ਆਪਣੇ ਆਂਡੇ ਦਿੰਦੀ ਹੈ। ਮਲੇਰੀਆ ਮੱਛਰ ਦੇ ਕੱਟਣ ਦੇ ਬਾਅਦ ਵਿਅਕਤੀ ਨੂੰ ਠੰਡ ਲਗ ਕੇ ਬੁਖਾਰ ਆਉਂਦਾ ਹੈ। ਇਸ ਤੋਂ ਇਲਾਵਾ ਜੋੜਾਂ ਵਿੱਚ ਦਰਦ, ਉਲਟੀ, ਸਿਰ ਦਰਦ, ਪਿਸ਼ਾਬ ਵਿੱਚ ਖੂਨ ਆਉਣਾ ਇਸਦੇ ਲੱਛਣ ਹਨ। ਕਾਂਬਾ ਲੱਗ ਕੇ ਬੁਖਾਰ ਆਉਂਣ ਦੇ 4 ਤੋਂ 6 ਘੰਟੇ ਬਾਅਦ ਬੁਖਾਰ ਉਤਰਨ ‘ਤੇ ਮਰੀਜ਼ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ।ਮਲੇਰੀਆ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਘਰਾਂ ਦੇ ਆਸ-ਪਾਸ ਪਾਣੀ ਜਮ੍ਹਾਂ ਨਾ ਹੋਣ ਦਿਓ। ਕੂਲਰ, ਛੱਤਾਂ ਉੱਪਰ ਰੱਖੇ ਗਮਲੇ, ਹੋਰ ਟੁੱਟੇ-ਫੂਟੇ ਸਮਾਨ ਆਦਿ ਦੀ ਨਿਯਮਤ ਤੌਰ ਤੋਂ ਸਫਾਈ ਕਰੋ। ਜੇਕਰ ਤੁਹਾਡੇ ਆਲੇ-ਦੁਆਲੇ ਮੱਛਰ ਹੋ, ਤਾਂ ਮੌਸਕਿਟੋ ਕੋਇਲ, ਮੱਛਰਦਾਨੀ ਅਤੇ ਕ੍ਰੀਮ ਦੀ ਵਰਤੋਂ ਕਰੋ। ਸਰੀਰ ਨੂੰ ਪੂਰੀ ਤਰ੍ਹਾਂ ਢਕਨ ਵਾਲੇ ਕੱਪੜੇ ਪਹਿਨੇ। ਉਹਨਾਂ ਕਿਹਾ ਕਿ ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਦਾ ਆਈਡੀਐਸਪੀ ਵਿੰਗ ਲਗਾਤਾਰ ਸਰਗਰਮ ਹੈ। ਪਿੰਡ ਪੱਧਰ ਤੇ ਸਾਫ਼-ਸਫਾਈ ਰੱਖਣ ਲਈ ਜਾਗਰੁਕਤਾ ਨੂੰ ਵਧਾਉਣ ਦੇ ਨਾਲ-ਨਾਲ ਮਲਟੀਪਰਪਜ਼ ਹੈਲਥ ਵਰਕਕਰ ਪਿੰਡਾਂ ਵਿੱਚ ਬੁਖਾਰ ਤੋਂ ਪੀੜਿਤ ਲੋਕਾਂ ਦੀ ਬਲੱਡ ਸਲਾਈਡ ਤਿਆਰ ਕਰਦੇ ਹਨ, ਤਾਂ ਜੋ ਮਲੇਰੀਆ ਬੁਖਾਰ ਦੀ ਤਸਦੀਕ ਹੋ ਸਕੇ। ਇਸ ਮੌਕੇ ਹੈਲਥ ਸੁਪਰਵਾਈਜ਼ਰ ਦਿਲਬਾਗ ਸਿੰਘ ਵੱਲੋਂ ਅਤੇ ਐਮ.ਪੀ.ਐਚ.ਡਬਲਿਓ ਗੁਰਜੀਤ ਸਿੰਘ ਰਾਹੀਂ ਵੱਖ-ਵੱਖ ਖੇਤਰ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਸਾਫ਼-ਸਫ਼ਾਈ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੋਟਪਾ ਐਕਟ ਅਧੀਨ ਚਲਾਨ ਵੀ ਕੱਟੇ ਗਏ।
