


ਜਲੰਧਰ,7 ਜਨਵਰੀ, (PUNJAB DAINIK NEWS ) ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਵਲੋਂ ਅੱਜ 29 ਵੇਂ ਦਿਨ ਵੀ ਮੋਰਚਾ ਜਾਰੀ ਰਿਹਾ।ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਤੀਫ਼ਪੁਰਾ ਦੇ ਲੋਕਾਂ ਦਾ ਉਜਾੜਾ ਉਹਨਾਂ ਦਿਨਾਂ ਵਿੱਚ ਕੀਤਾ ਜਦੋਂ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦਿਆਂ ਨੂੰ ਹਿੱਕ ਨਾਲ ਠੰਡ ਦੇ ਦਿਨਾਂ ਵਿੱਚ ਲਗਾ ਕੇ ਬੈਠੇ ਸਨ ਅਤੇ ਮੁਗਲਾਂ ਦੇ ਜ਼ਬਰ ਦਾ ਸਾਹਮਣਾ ਕਰਦਿਆਂ ਸ਼ਹਾਦਤਾਂ ਦਿੱਤੀਆਂ ਸਨ ਅਤੇ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ,ਲਤੀਫ਼ਪੁਰਾ ਦੇ ਲੋਕਾਂ ਨੂੰ ਰਿਕਾਰਡ ਤੌੜ ਠੰਡ ਦੇ ਦਿਨਾਂ ਵਿੱਚ ਉਜਾੜ ਕੇ ਖੁੱਲ੍ਹੇ ਅਸਮਾਨ ਹੇਠ ਰੁਲਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਭਰਮ ਸੀ ਕਿ ਸ਼ਾਇਦ ਉਜਾੜੇ ਦੇ ਖਿਲਾਫ਼ ਲੋਕਾਂ ਦੀ ਜ਼ੁਬਾਨ ਨਹੀਂ ਖੁੱਲੇਗੀ। ਉਨ੍ਹਾਂ ਕਿਹਾ ਕਿ ਉਜਾੜੇ ਵਾਲੇ ਦਿਨ ਤੋਂ ਹੀ ਵਿਰੋਧ ਵਿੱਚ ਲੋਕ ਜਥੇਬੰਦੀਆਂ ਦੀ ਅਗਵਾਈ ਹੇਠ ਮੋਰਚੇ ਉੱਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਲਤੀਫ਼ਪੁਰਾ ਵਿਖੇ ਉਜਾੜੇ ਲੋਕਾਂ ਦਾ ਮੁੜ ਵਸੇਬਾ ਕਰਨ,ਪੀੜਤ ਲੋਕਾਂ ਨੂੰ ਮੁਆਵਜ਼ਾ ਦਿਵਾਉਣ ਤੇ ਵਧੀਕੀ ਕਰਨ ਵਾਲੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਖਿਲਾਫ਼ ਸਖ਼ਤ ਕਾਰਵਾਈ ਕਰਨ ਤੱਕ ਸੰਘਰਸ਼ ਜਾਰੀ ਰਹੇਗਾ।ਅੱਜ ਸੀ.ਪੀ.ਆਈ. ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਕਾਫ਼ਲੇ ਨਾਲ ਮੋਰਚੇ ਵਿੱਚ ਸ਼ਾਮਲ ਹੋਏ।ਇਸ ਮੌਕੇ ਬੰਤ ਸਿੰਘ ਬਰਾੜ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ 16 ਜਨਵਰੀ ਨੂੰ ਧੰਨੋ ਵਾਲੀ ਨੇੜੇ ਕੀਤੇ ਜਾ ਰਹੇ ਹਾਈਵੇ ਤੇ ਰੇਲਵੇ ਜਾਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਰੋਜ਼ਾਨਾ ਦੀ ਤਰ੍ਹਾਂ ਮੋਰਚੇ ਉੱਪਰ ਡਟੇ ਇਨਸਾਫ਼ ਪਸੰਦ ਲੋਕਾਂ ਵਲੋਂ ਸ਼ਾਮ ਵੇਲੇ ਮਾਡਲ ਟਾਊਨ ਦੇ ਕੇ ਐੱਫ ਸੀ ਚੌਂਕ ਵਿਖੇ ਸੂਬਾ ਸਰਕਾਰ ਤੇ ਚੇਅਰਮੈਨ ਇੰਮਰੂਵਮੈਂਟ ਟਰੱਸਟ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਸ਼ਮੀਰ ਸਿੰਘ ਘੁੱਗਸ਼ੋਰ,ਡਾਕਟਰ ਗੁਰਦੀਪ ਸਿੰਘ ਭੰਡਾਲ, ਸੰਤੋਖ ਸਿੰਘ ਸੰਧੂ, ਤਰਸੇਮ ਸਿੰਘ ਵਿੱਕੀ ਜੈਨਪੁਰ, ਜਥੇਦਾਰ ਕਸ਼ਮੀਰ ਸਿੰਘ,ਪਿੰਦੂ ਵਾਸੀ,ਰਛਪਾਲ ਕੈਲੇ, ਚਰਨਜੀਤ ਥੰਮੂਵਾਲ, ਹੰਸ ਰਾਜ ਪੱਬਵਾਂ,ਹਰਜਿੰਦਰ ਸਿੰਘ ਮੌਜੀ,ਸਿਮਰਨ,ਰੀਟਾ ਦੇਵੀ ਅਤੇ ਜ਼ਿਲ੍ਹਾ ਅਟਾਰਨੀ ਰਿਟਾਇਰਡ ਐਡਵੋਕੇਟ ਸਤਪਾਲ ਆਦਿ ਨੇ ਸੰਬੋਧਨ ਕੀਤਾ।ਖੁੱਲ੍ਹੇ ਅਸਮਾਨ ਹੇਠ ਸੜਕਾਂ ਉੱਪਰ ਮੋਰਚਾ ਉੱਪਰ ਬੈਠੇ ਲਤੀਫ਼ਪੁਰਾ ਦੇ ਲੋਕਾਂ ਦੀ ਸਾਰ ਸਰਕਾਰ ਤੇ ਪ੍ਰਸ਼ਾਸਨ ਨਹੀਂ ਲੈ ਰਿਹਾ। ਬਿਨ੍ਹਾਂ ਬਦਲਵੇਂ ਰਿਹਾਇਸ਼ੀ ਪ੍ਰਬੰਧ ਉਜਾੜੇ ਲੋਕ ਖੁੱਲ੍ਹੇ ਅਸਮਾਨ ਹੇਠ ਰੁਲ ਰਹੇ ਹਨ। ਅੱਜ ਤੱਕ ਜਦੋਂ ਸਰਕਾਰ ਤੇ ਪ੍ਰਸ਼ਾਸਨ ਬਿਜਲੀ,ਪਾਣੀ,ਸਿਹਤ ਸਹੂਲਤਾਂ ਤੱਕ ਵੀ ਮੁਹੱਈਆ ਨਹੀਂ ਕਰਵਾ ਸਕਿਆ ਤਾਂ ਉਸ ਵਕਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੀੜਤ ਲੋਕਾਂ ਲਈ ਸਹਾਰਾ ਬਣ ਕੇ ਆਈ ਹੈ। ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਡਾਕਟਰ ਸੀਤਲ ਔਜਲਾ ਦੀ ਅਗਵਾਈ ਹੇਠ ਮੋਰਚਾ ਸਥਾਨ’ਤੇ ਰੋਜ਼ਾਨਾ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸਹੂਲਤ ਮੁਹੱਈਆ ਕਰਵਾਈ ਗਈ ਹੈ
