Punjab Dainik News ਕਪੂਰਥਲਾ,1 ਦਸੰਬਰ (ਰਵਿੰਦਰ ਰਵੀ) ਜ਼ਿਲਾ ਮੈਜਿਸਟ੍ਰੇਟ ਸ੍ਰੀ ਵਿਸ਼ੇਸ਼ ਸਾਰੰਗਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕਪੂਰਥਲਾ ਜ਼ਿਲ੍ਹੇ ਦੀ ਹੱਦ ਅੰਦਰ ਭਾਰਤੀ ਫੌਜ ਨੂੰ ਛੱਡ ਕੇ ਹੋਰ ਕੋਈ ਵੀ ਵਿਅਕਤੀ ਜ਼ਿਲ੍ਹਾ ਕਪੂਰਥਲਾ ਅੰਦਰ ਔਲਿਵ ਗ੍ਰੀਨ ਰੰਗ ਦੀ ਵਰਦੀ ਅਤੇ ਇਸੇ ਰੰਗ ਦੇ ਵਹੀਕਲਜ਼ ਦੀ ਵਰਤੋਂ ਨਹੀਂ ਕਰੇਗਾ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੁਝ ਵਿਅਕਤੀ ਔਲਿਵ ਗ੍ਰੀਨ ਰੰਗ (ਮਿਲਟਰੀ ਰੰਗ) ਦੀ ਵਰਦੀ ਅਤੇ ਇਸੇ ਰੰਗ ਦੇ ਵਹੀਕਲਜ਼ ਜਿਹੜੇ ਕਿ ਭਾਰਤੀ ਫ਼ੌਜ ਦੁਆਰਾ ਵਰਤੇ ਜਾਂਦੇ ਹਨ,ਦੀ ਕਿਸੇ ਵੀ ਸਮਾਜ ਵਿਰੋਧੀ ਤੱਤਾਂ ਵਲੋਂ ਅਜਿਹੇ ਰੰਗੀ ਦੀ ਵਰਦੀ ਜਾਂ ਵਹੀਕਲਜ਼ ਆਦਿ ਦੀ ਵਰਤੋਂ ਕਰਦੇ ਹੋਏ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਜਾਂ ਹਿੰਸਕ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ,ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਫੌਜ ਦੀ ਵਰਦੀ ਅਤੇ ਵਹੀਕਲਜ਼ ਦੀ ਵੱਖਰੀ ਪਛਾਣ ਨੂੰ ਯਕੀਨੀ ਬਣਾਉਣ ਲਈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਔਲਿਵ ਗ੍ਰੀਨ(Olive Green) ਰੰਗ ਦੀ ਵਰਦੀ ਅਤੇ ਇਸੇ ਰੰਗ ਦੀਆਂ ਜੀਪਾਂ/ਮੋਟਰ ਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਆਮ ਜਨਤਾ ਤੋਂ ਤੁਰੰਤ ਬੰਦ ਕੀਤੀ ਜਾਵੇ। ਇਹ ਹੁਕਮ 01/12/2022 ਤੋਂ 29/01/2023 ਤੱਕ ਲਾਗੂ ਰਹੇਗਾ।
