







ਕਪੂਰਥਲਾ (ਪੰਜਾਬ ਦੈਨਿਕ ਨਿਊਜ਼) ਰਵਿੰਦਰ ਰਵੀ : ਐਸ.ਐਮ.ਓ. ਡਾ. ਸੁਨੀਲ ਭਗਤ ਵਲੋਂ ਟੀ.ਬੀ. ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ ਸੰਬੰਧੀ ਕੀਤਾ ਗਿਆ ਜਾਗਰੂਕ
ਕਰਤਾਰਪੁਰ (6-4-2022) ਸਿਹਤ ਵਿਭਾਗ ਵਲੋਂ 2025 ਤੱਕ ਭਾਰਤ ਨੂੰ ਟੀ.ਬੀ. ਮੁਕਤ ਬਣਾਉਣ ਦੇ ਮਕਸਦ ਨਾਲ ਬੁੱਧਵਾਰ ਨੂੰ ਨੈਸ਼ਨਲ ਟਿਊਬਰਕਲੋਸਿਸ ਅਰੈਡੀਕੇਸ਼ਨ ਪ੍ਰੋਗਰਾਮ (ਐਨ.ਟੀ.ਈ.ਪੀ.) ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਲਮਪੁਰ ਬੱਕਾ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸਦਾ ਮੁੱਖ ਮਕਸਦ ਟੀ.ਬੀ. ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਇਸ ਦੌਰਾਨ ਮੌਜੂਦ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਟੀ.ਬੀ. ਦੇ ਖਾਤਮੇ ਲਈ ਅਹਿਦ ਵੀ ਲਿਆ ।ਸੈਮੀਨਾਰ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਸੁਨੀਲ ਭਗਤ ਵਲੋਂ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਪ੍ਰਿੰਸਿਪਲ ਸਤਿੰਦਰ ਪਾਲ ਸਿੰਘ, ਡਾ. ਸਤਿੰਦਰ ਪਾਲ, ਬੀ.ਈ.ਈ. ਰਾਕੇਸ਼ ਸਿੰਘ, ਵਾਈਸ ਪ੍ਰਿੰਸੀਪਲ ਅਨਿਲ ਕੁਮਾਰ, ਸੀ.ਐਚ.ਓ. ਸੁਖਪ੍ਰੀਤ ਕੌਰ, ਐਲ.ਐਚ.ਵੀ. ਇੰਦਰਾ ਦੇਵੀ, ਸ਼ੈਲੇਂਦਰਾ ਦੇਵੀ, ਐਮ.ਐਲ.ਟੀ. ਸਰਬਜੀਤ ਸਿੰਘ, ਐਸ.ਟੀ.ਐਸ. ਅਸ਼ਵਨੀ ਕੁਮਾਰ, ਏ.ਐਨ.ਐਮ. ਮਨਦੀਪ ਕੌਰ, ਸਿਹਤ ਵਰਕਰ ਸਤਨਾਮ ਸਿੰਘ ਮੌਜੂਦ ਸਨ।
ਡਾ. ਸੁਨੀਲ ਭਗਤ ਵਲੋਂ ਤਪਦਿਕ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੋ ਹਫਤੇ ਤੋਂ ਜਿਆਦਾ ਖਾਂਸੀ, ਭਾਰ ਦਾ ਘੱਟਣਾ, ਭੁੱਖ ਨਾ ਲਗਣਾ ਅਤੇ ਸ਼ਾਮ ਨੂੰ ਹਲਕਾ-ਹਲਕਾ ਬੁਖਾਰ ਰਹਿਣਾ ਆਦਿ ਟੀ.ਬੀ ਦੀ ਬਿਮਾਰੀ ਦੇ ਲੱਛਣ ਹਨ। ਉਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਟੀ.ਬੀ ਦੀ ਬਿਮਾਰੀ ਦੇ ਲੱਛਣ ਹੋਣ ਤਾਂ ਤੁਰੰਤ ਨਜਦੀਕੀ ਸਿਹਤ ਕੇਂਦਰ ਜਾ ਕੇ ਆਪਣੀ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਟੀ.ਬੀ. ਹੋਣਾ ਕੋਈ ਸਰਾਪ ਨਹੀਂ ਹੈ, ਸਗੋਂ ਇਸ ਦਾ ਇਲਾਜ ਹੈ। ਮਰੀਜ ਆਪਣੇ ਇਲਾਜ ਦੌਰਾਨ ਦਵਾਈ ਦਾ ਕੋਰਸ ਅਧੂਰਾ ਨਾ ਛੱਡਣ ਨਹੀਂ ਤਾਂ ਇਹ ਬਿਮਾਰੀ ਗੰਭੀਰ ਬਣ ਜਾਂਦੀ ਹੈ। ਉਨਾ ਕਿਹਾ ਕਿ 2025 ਤੱਕ ਦੇਸ਼ ਨੂੰ ਟੀ.ਬੀ. ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਉਪਰਾਲੇ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਬੀ.ਈ.ਈ. ਰਾਕੇਸ਼ ਸਿੰਘ ਵਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵਲੋਂ ਟੀ.ਬੀ. ਦੇ ਖਾਤਮੇ ਲਈ ਵੱਖ-ਵੱਖ ਗਤੀਵਿਧੀਆਂ ਅਤੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਮਿਤੀ 24 ਮਾਰਚ ਤੋਂ 13 ਅਪ੍ਰੈਲ ਤੱਕ ਤੰਦਰੁਸਤ ਸਿਹਤ ਕੇਂਦਰਾਂ ਵਿਖੇ ਵਿਸ਼ੇਸ਼ ਟੀ.ਬੀ. ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸੇ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਦਾ ਇਲਾਜ ਅਤੇ ਟੈਸਟ ਸਿਹਤ ਵਿਭਾਗ ਵਲੋਂ ਮੁਫਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਮਰੀਜਾਂ ਦੀ ਖੁਰਾਕ ਦਾ ਖਾਸ ਧਿਆਨ ਰੱਖਦੇ ਹੋਏ ਮਰੀਜ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਤਾਂ ਜੋ ਇਲਾਜ ਦੌਰਾਨ ਮਰੀਜ ਪੋਸ਼ਟਿਕ ਖੁਰਾਕ ਲੈ ਸਕੇ।










