ਅੰਮ੍ਰਿਤਸਰ ਪੰਜਾਬ ਦੈਨਿਕ ਨਿਊਜ਼ (ਸੁਖਦੇਵ ਰਾਜ) ਫਸਟ ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਦੇ ਅਧੀਨ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੇ ਐਨਸੀਸੀ ਕੈਡਿਟਾਂ ਨੇ ਅੱਜ ਸ਼ਹੀਦ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆl ਆਪਣੇ ਸੰਬੋਧਨ ਵਿੱਚ ਮਨਮੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਨੇ ਦੱਸਿਆ ਕਿ ਐਨਸੀਸੀ ਕੈਡਿਟਾਂ ਦੇ ਵਿਚ ਸ਼ਹੀਦ ਭਗਤ ਸਿੰਘ ਦੇ ਜੀਵਨ ਸਬੰਧੀ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆl ਐਨਸੀਸੀ ਕੈਡਿਟਾਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਚਾਰਟ ਬਣਾਏ ਅਤੇ ਉਨ੍ਹਾਂ ਦੁਆਰਾ ਸਮਾਜ ਨੂੰ ਦਿੱਤੀਆਂ ਗਈਆਂ ਸਿਖਿਆਵਾਂ ਦਾ ਚਾਰਟਾਂ ਰਾਹੀਂ ਵਰਨਣ ਕੀਤਾl ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਦੇਸ਼ ਦੀ ਉੱਨਤੀ ਅਤੇ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈl ਇਸ ਮੌਕੇ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਐਨਸੀਸੀ ਕੈਡਿਟਾਂ ਨੇ ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਜੀ ਦੇ ਸਮਾਰਕ ਭਕਨਾ ਕਲਾਂ ਵਿਖੇ ਪਹੁੰਚ ਕੇ ਸੁਤੰਤਰਤਾ ਸੰਗਰਾਮ ਦੌਰਾਨ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇl ਉਨ੍ਹਾਂ ਦੱਸਿਆ ਕਿ ਬਾਬਾ ਸੋਹਣ ਸਿੰਘ ਭਕਨਾ ਜੀ ਨੇ ਸੰਨ 1914 ਵਿਚ ਵਿਦੇਸ਼ਾਂ ਵਿੱਚ ਰਹਿੰਦੇ ਹਿੰਦੁਸਤਾਨੀ ਕਾਮਿਆਂ ਨਾਲ ਮਿਲ ਕੇ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀl ਇਸ ਨਾਲ ਨੌਜਵਾਨਾਂ ਦੇ ਵਿੱਚ ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢਣ ਲਈ ਜਜ਼ਬਾ ਪੈਦਾ ਕਰਨ ਲਈ ਗ਼ਦਰ ਪਾਰਟੀ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਕੀਤੀl ਚੰਦਰਸ਼ੇਖਰ ਆਜ਼ਾਦ,ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ,ਲਾਲਾ ਲਾਜਪਤ ਰਾਏ ਆਦਿ ਇਹ ਗ਼ਦਰ ਪਾਰਟੀ ਦੇ ਮੈਂਬਰ ਹੀ ਸਨl ਉਨ੍ਹਾਂ ਦੀ ਸੋਚ ਸੀ ਕਿ ਦੇਸ਼ ਵਿਚ ਆਰਥਿਕ ਅਸਮਾਨਤਾ ਨੂੰ ਖ਼ਤਮ ਕਰਨ ਦੇ ਲਈ ਸੰਗਠਿਤ ਹੋ ਕੇ ਇਸ ਅੱਤਿਆਚਾਰ ਸਰਕਾਰ ਵਿਰੁੱਧ ਲੜਨ ਦੀ ਬਹੁਤ ਲੋੜ ਹੈ l ਇਸ ਪਾਰਟੀ ਨੇ ਲੋਕਾਂ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਮਾਨਤਾ ਪੈਦਾ ਕਰਨ ਉੱਤੇ ਜ਼ੋਰ ਦਿੱਤਾl ਕੈਡਿਟ ਸ਼ਿਵਰਾਜ ਸਿੰਘ ਗਿੱਲ ਨੇ ਇਸ ਮੌਕੇ ਦੇਸ਼ ਭਗਤੀ ਦੇ ਗੀਤ ਗਾ ਕੇ ਖੂਬ ਰੰਗ ਬੰਨ੍ਹਿਆl ਇਸ ਮੌਕੇ ਤੇ ਐਨਸੀਸੀ ਅਫ਼ਸਰ ਹਰਮਨਪ੍ਰੀਤ ਸਿੰਘ, ਨਵਦੀਪ ਕੌਰ, ਐਨਸੀਸੀ ਅਫ਼ਸਰ ਰਕੇਸ਼ ਸਿੰਘ ਆਦਿ ਸਟਾਫ਼ ਤੇ ਐੱਨਸੀਸੀ ਕੈਡਿਟ ਹਾਜ਼ਰ ਸਨ