







ਪੰਜਾਬ ਦੈਨਿਕ ਨਿਊਜ਼ – ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਮੁੱਖ ਨੇਤਾ ਰਾਕੇਸ਼ ਟਿਕੈਤ ਨੇ ਦਿੱਲੀ ਵਿਖੇ ਇੱਕ ਸਾਲ ਤੋਂ ਵੱਧ ਸਮਾਂ ਚੱਲੇ ਕਿਸਾਨ ਸੰਘਰਸ਼ ਦੌਰਾਨ ਲੰਗਰਾਂ, ਸਿਹਤ ਸੇਵਾਵਾਂ ਅਤੇ ਹੋਰ ਸੇਵਾਵਾਂ ਨਿਭਾਉਣ ਲਈ ਪੰਜਾਬ ਦੇ ਸਮੂਹ ਸੰਤਾਂ-ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਹੈ। ਇਸ ਤਹਿਤ ਰਾਕੇਸ਼ ਟਿਕੈਤ ਨੇ ਵਿਸ਼ੇਸ਼ ਤੌਰ ’ਤੇ ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਦੇ ਦਿੱਲੀ ਬਾਰਡਰ ਉੱਪਰ ਚੱਲ ਰਹੇ ਲੰਗਰਾਂ ਵਿੱਚ ਜਾ ਕੇ ਲੰਗਰ ਸੇਵਾਵਾਂ ਨਿਭਾ ਰਹੇ ਜੱਥੇਦਾਰ ਭਾਈ ਅਮਰੀਕ ਸਿੰਘ ਇੰਚਾਰਜ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਨਵੀਂ ਦਿੱਲੀ ਅਤੇ ਭਾਈ ਪਰਮਜੀਤ ਸਿੰਘ ਨਵਾਂਸ਼ਹਿਰ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਸੰਗਤਾਂ ਨਾਲ ਬੈਠ ਕੇ ਲੰਗਰ ਛਕਿਆ ਅਤੇ ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਵੱਲੋਂ ਕਿਸਾਨ ਅੰਦੋਲਨ ਦੌਰਾਨ ਨਿਭਾਈ ਇਸ ਸੇਵਾ ਦੀ ਜ਼ੋਰਦਾਰ ਸ਼ਲਾਘਾ ਕੀਤੀ। ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਂਤ-ਸੁਭਾਂਤੇ ਲੰਗਰ ਲਗਾਏ ਜਾਣ ਦੀਆਂ ਅਕਸਰ ਖਬਰਾਂ ਆਉਦੀਆਂ ਹਨ ਅਤੇ ਕਿਸਾਨ ਅੰਦੋਲਨ ਦੌਰਾਨ ਦਿੱਲੀ ਬਾਰਡਰਾਂ ’ਤੇ ਉਨ੍ਹਾਂ ਵੱਲੋਂ ਲਗਾਏ ਗਏ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ।
ਰਾਕੇਸ਼ ਟਿਕੈਤ ਨੇ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਵੱਲੋਂ ਦਿੱਲੀ ਬਾਰਡਰਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਲੰਗਰ ਬਣਾਉਣ ਵਾਲੀ ਅਤੇ ਚਾਹ ਬਣਾਉਣ ਵਾਲੀ ਮਸ਼ੀਨ ਵੀ ਦੇਖੀ। ਉਨ੍ਹਾਂ ਕਿਹਾ ਕਿ ਸੰਤਾਂ-ਮਹਾਂਪੁਰਸ਼ਾਂ ਅਤੇ ਸੰਗਤਾਂ ਦੇ ਇਸ ਤਰ੍ਹਾਂ ਦੇ ਵਿਸ਼ੇਸ ਸਹਿਯੋਗ ਸਦਕਾ ਹੀ ਕਿਸਾਨ ਅੰਦੋਲਨ ਜਿੱਤ ਹਾਸਲ ਕਰ ਸਕਿਆ ਹੈ।










