ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਦੁਨੀਆ ਵਿਚ ਬਹੁਤ ਤਰ੍ਹਾਂ ਦੇ ਸੰਘਰਸ਼ ਅਤੇ ਮੋਰਚੇ ਲੱਗਦੇ ਆਏ ਹਨ। ਸਮੇਂ ਦੀਆਂ ਸਰਕਾਰਾਂ ਦੇ ਗਲਤ ਫੈਸਲਿਆਂ ਵਿਰੁੱਧ ਹਰ ਦੇਸ਼ ਦੀ ਜਨਤਾ ਆਪਣਾ ਵਿਰੋਧ ਜਤਾਉਂਦੀ ਹੈ। ਪਰ ਕਿਸਾਨ ਮੋਰਚੇ ਵਰਗਾ ਸੰਘਰਸ਼ ਦੁਨੀਆ ਵਿਚ ਅੱਜ ਤੱਕ ਨਹੀਂ ਵੇਖਿਆ ਗਿਆ। ਇਸ ਮੋਰਚੇ ਨੂੰ ਪੂਰੀ ਦੁਨੀਆ ਦੀ ਹਮਾਇਤ ਹਾਸਲ ਹੋਈ ਹੈ ਅਤੇ ਸ਼ਾਂਤਮਈ ਢੰਗ ਨਾਲ ਕਿਸਾਨ ਜਥੇਬੰਦੀਆਂ ਨੇ ਆਪਣੀ ਸੂਝ-ਬੂਝ ਦੀ ਮਿਸਾਲ ਕਾਇਮ ਕੀਤੀ ਹੈ,ਇਹ ਸ਼ਬਦ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਨੇ ਭਾਵੁਕ ਹੁੰਦਿਆਂ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਗਟ ਕੀਤੇ। ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਡਾ. ਪੀ. ਐੱਸ. ਕੰਗ ਨੇ ਬਾਬਾ ਜੀ ਦਾ ਇਸ ਸਬੰਧੀ ਬਿਆਨ ਜਾਰੀ ਕੀਤਾ। ਬਾਬਾ ਜੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਰੰਗ ਲਿਆਈ ਹੈ।ਬਾਬਾ ਜੀ ਨੇ ਕਿਸਾਨ ਸੰਘਰਸ਼ ਦੀ ਪ੍ਰਾਪਤੀ ਉੱਪਰ ਸੰਤੁਸ਼ਟੀ ਪ੍ਰਗਟ ਕਰਦਿਆਂ ਇਸ ਜਿੱਤ ਲਈ ਕਿਸਾਨਾਂ, ਸੰਸਾਰ ਭਰ ਦੇ ਲੋਕਾਂ ਜਿਨ੍ਹਾਂ ਨੇ ਮੋਰਚੇ ਦੀ ਸਫਲਤਾ ਲਈ ਆਪਣੀ ਸੇਵਾ ਨਿਭਾਈ, ਦੀ ਸ਼ਲਾਘਾ ਕੀਤੀ।ਇਹ ਗੱਲ ਦੱਸਣਯੋਗ ਹੈ ਕਿ ਬਾਬਾ ਜੀ ਵੱਲੋਂ ਪਿਛਲੇ ਲੰਬੇ ਤੋਂ ਕਿਸਾਨੀ ਸੰਘਰਸ਼ ਲਈ ਲਗਾਤਾਰ ਲੰਗਰ ਦੀ ਸੇਵਾ ਦੇ ਨਾਲ ਨਾਲ ਹਰ ਸੰਭਵ ਮਦਦ ਕੀਤੀ ਜਾ ਰਹੀ ਸੀ I