







ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਅੱਜ ਕਾਂਗਰਸ ਭਵਨ ਜਲੰਧਰ ਵਿਖੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ, ਮਹਾਨ ਸੁਤੰਤਰਤਾ ਸੈਨਾਨੀ ਅਤੇ ਦੂਰਦਰਸ਼ੀ ਆਗੂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਬਾਲ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਪੰਡਿਤ ਨਹਿਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਦੇਸ਼ ਦੀ ਆਜ਼ਾਦੀ ਅਤੇ ਨਿਰਮਾਣ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ ਵਿਖੇ ਹੋਇਆ ਸੀ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਆਜ਼ਾਦੀ ਅਤੇ ਸੇਵਾ ਲਈ ਸਮਰਪਿਤ ਕੀਤਾ। ਮਹਾਤਮਾ ਗਾਂਧੀ ਜੀ ਦੇ ਨਾਲ ਮਿਲ ਕੇ ਉਨ੍ਹਾਂ ਨੇ ਆਜ਼ਾਦੀ ਦੀ ਲਹਿਰ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਇਸ ਦੌਰਾਨ ਕਈ ਵਾਰ ਜੇਲ੍ਹ ਵੀ ਕੱਟੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਅਗਵਾਈ ਕੀਤੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਲੋਕਤੰਤਰਿਕ ਸੰਸਥਾਵਾਂ, ਸਿੱਖਿਆ, ਵਿਗਿਆਨ, ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ। ਆਈਆਈਟੀ, ਏਮਜ਼, ਵੱਡੇ ਡੈਮਾਂ ਅਤੇ ਵਿਗਿਆਨਕ ਸੰਸਥਾਵਾਂ ਦੀ ਸਥਾਪਨਾ ਵਿੱਚ ਉਨ੍ਹਾਂ ਦੀ ਦੂਰਦਰਸ਼ੀ ਸੋਚ ਦਾ ਅਹਿਮ ਯੋਗਦਾਨ ਰਿਹਾ,ਪੰਡਿਤ ਨਹਿਰੂ ਜੀ ਨੂੰ ਬੱਚਿਆਂ ਨਾਲ ਵਿਸ਼ੇਸ਼ ਪਿਆਰ ਸੀ। ਬੱਚੇ ਉਨ੍ਹਾਂ ਨੂੰ ਪਿਆਰ ਨਾਲ ‘ਚਾਚਾ ਨਹਿਰੂ’ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਬੱਚੇ ਹੀ ਦੇਸ਼ ਦਾ ਭਵਿੱਖ ਹਨ ਅਤੇ ਹਰ ਬੱਚੇ ਨੂੰ ਮਿਆਰੀ ਸਿੱਖਿਆ, ਚੰਗੀ ਸਿਹਤ ਅਤੇ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਇਸੇ ਕਰਕੇ ਉਨ੍ਹਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਸ ਮੌਕੇ ਬੱਚਿਆਂ ਨੂੰ ਮੋਬਾਈਲ ਅਤੇ ਨਸ਼ਿਆਂ ਤੋਂ ਦੂਰ ਰੱਖਣ, ਉਨ੍ਹਾਂ ਨੂੰ ਕਿਤਾਬਾਂ ਪੜ੍ਹਨ, ਖੇਡਾਂ ਅਤੇ ਚੰਗੇ ਸੰਸਕਾਰਾਂ ਨਾਲ ਜੋੜਨ ਦਾ ਸੰਦੇਸ਼ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਬੱਚਿਆਂ ਦਾ ਸਤਿਕਾਰ ਕਰਨਾ, ਉਨ੍ਹਾਂ ਦੀਆਂ ਗੱਲਾਂ ਸੁਣਨਾ ਅਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ।ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ, ਪ੍ਰੇਮ ਪਾਲ ਡੁਮੇਲੀ, ਰਵਿੰਦਰ ਸਿੰਘ ਲਾਡੀ, ਸੁਦੇਸ਼ ਕੁਮਾਰ ਭਗਤ, ਅਰੁਣ ਰਤਨ, ਸੁਭਾਸ਼ ਢੱਲ, ਵਿਪਨ ਕੁਮਾਰ, ਗੁਲਸ਼ਨ ਮਿੱਡਾ, ਡਾ. ਜਸਲੀਨ ਸੇਠੀ, ਕੀਮਤੀ ਸੈਣੀ, ਯਸ਼ ਪਾਲ ਸਫਰੀ, ਨਵਦੀਪ ਜਰੇਵਾਲ, ਹੁਸਨ ਲਾਲ, ਕਿਸ਼ੋਰੀ ਲਾਲ, ਰਾਕੇਸ਼ ਕੁਮਾਰ, ਰਵੀ ਬੱਗਾ, ਅਸ਼ੋਕ ਹੰਸ, ਹਰਦੀਪ ਸਿੰਘ, ਮੁਖਤਾਰ ਅਹਿਮਦ, ਹੈਦਰ ਅਲੀ, ਰਿਆਨ ਹੈਰਿਸ, ਯਸ਼ ਪਾਲ, ਅਸ਼ੋਕ ਖੰਨਾ, ਗੁਰਪ੍ਰੀਤ ਸਿੱਧੂ, ਅਸ਼ਵਨੀ ਸ਼ਰਮਾ, ਪੱਲਵੀ, ਗੁਰਮੀਤ ਜੱਸੀ ਅਤੇ ਸ਼ਬਨਮ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।
MUNISH TOKHI