ਜਲੰਧਰ 5 ਜਨਵਰੀ/ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਜਲੰਧਰ ਵੱਲੋਂ ਡਾ. ਭੀਮ ਰਾਓ ਅੰਬੇਦਕਰ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਅਤੇ ਮਜ਼ਦੂਰ ਤੇ ਗਰੀਬ ਵਿਰੋਧੀ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਮਾਨਸਿਕਤਾ ਖ਼ਿਲਾਫ਼ ਸੰਤੋਖ ਪੁਰਾ ਜਲੰਧਰ ਵਿਚ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ ਤਹਿਸੀਲ ਪ੍ਰਧਾਨ ਹਰੀਮੁਨੀ ਸਿੰਘ ਅਤੇ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਸਵਿੰਧਾਨ ਦੀਆਂ ਧਰਮਨਿਰਪੱਖ, ਲੋਕਪੱਖੀ ਤੇ ਬੁਨਿਆਦੀ ਅਧਿਕਾਰਾਂ ਦੀਆਂ ਮੱਦਾਂ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਧਰਮ ਅਧਾਰਿਤ ਰਾਜ ਬਣਾਉਣ ਲਈ ਤਤਪਰ ਹਨ। ਘੱਟ ਗਿਣਤੀਆਂ ਮੁਸਲਮਾਨਾਂ,ਇਸਾਈਆਂ ਅਤੇ ਦਲਿਤਾਂ ਖ਼ਿਲਾਫ਼ ਹਮਲੇ ਕੀਤੇ ਜਾ ਰਹੇ ਹਨ। ਦੇਸ਼ ਦੇ ਕੁਦਰਤੀ ਸੋਮਿਆਂ ਅਤੇ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਲੁੱਟਣ ਦੀਆਂ ਖੁੱਲਾਂ ਦਿੱਤੀਆਂ ਹਨ। ਮਜ਼ਦੂਰ ਦੇ ਸੰਘਰਸ਼ਾਂ ਨਾਲ਼ ਬਣਵਾਏ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 4 ਕੋਡ ਬਣਾ ਦਿੱਤੇ ਜਿਨ੍ਹਾਂ ਕੋਡਾਂ ਰਾਹੀਂ ਮਾਲਕ ਜਦੋਂ ਵੀ ਚਾਹੇ ਮਜ਼ਦੂਰ ਨੂੰ ਕੰਮ ਤੋਂ ਜਵਾਬ ਦੇ ਸਕਦੇ ਹਨ। ਮੋਦੀ – ਅਮਿਤ ਸ਼ਾਹ ਦੀ ਲੋਕ ਮਾਰੂ ਨੀਤੀਆਂ ਵਿਰੁੱਧ ਤਿੱਖੇ ਸੰਘਰਸ਼ਾਂ ਦੀ ਲੋੜ ਤੇ ਜ਼ੋਰ ਦਿੱਤਾ।ਇਸ ਮੌਕੇ ਸ਼ੰਭੂ ਚੌਹਾਨ, ਅਨਿਲ ਮੌਰੀਆ, ਚਿਤਰਪਾਲ ਸਿੰਘ, ਉਂਕਾਰ ਸਿੰਘ , ਉਦੇਸ਼ ਮੌਰੀਆ, ਜਤਿੰਦਰ ਕੁਮਾਰ ਅਤੇ ਰਾਮ ਮੂਰਤੀ ਹਾਜ਼ਰ ਸਨ।