ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) 2 ਪੰਜਾਬ ਐੱਨ ਸੀ ਸੀ ਬਟਾਲੀਅਨ ਵਿਖੇ ਸਲਾਨਾ ਐਸੋਸੀਏਟ ਐੱਨ ਸੀ ਸੀ ਅਫਸਰਾਂ ਦੀ ਕਾਨਫਰੰਸ ਕਰਵਾਈ ਗਈ। ਇਸ ਮੌਕੇਂ ਤਿੰਨ ਐੱਨ ਸੀ ਸੀ ਅਫਸਰਾਂ ਨੂੰ ਤਰੱਕੀ ਦਿੱਤੀ ਗਈ। ਕਾਨਫਰੰਸ ਵਿੱਚ ਹਿੱਸਾ ਲੈਣ ਲਈ 25 ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਐਸੋਸੀਏਟ ਐਨ ਸੀ ਸੀ ਅਫਸਰ ਇਕੱਠੇ ਹੋਏ। ਕਾਨਫਰੰਸ ਵਿੱਚ ਭਵਿੱਖ ਵਿੱਚ ਆਉਣ ਵਾਲੀਆਂ ਐਨ.ਸੀ.ਸੀ ਪ੍ਰੀਖਿਆਵਾਂ, ਆਰਮੀ ਅਟੈਚਮੈਂਟ ਕੈਂਪ, ਕੈਡਿਟਾਂ ਦਾ ਡਰੈੱਸ ਭੱਤਾ, ਰਿਫਰੈਸ਼ਮੈਂਟ ਭੱਤੇ ਦੇ ਇਲੈਕਟ੍ਰਾਨਿਕ ਬੈਂਕ ਟ੍ਰਾਂਸਫਰ, ਰਿਫ਼ਰੈਸ਼ਰ ਕੋਰਸਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਕਾਨਫਰੰਸ ਦੀ ਪ੍ਰਧਾਨਗੀ ਕਰਨਲ ਵਿਨੋਦ ਜੋਸ਼ੀ, ਕਮਾਂਡਿੰਗ ਅਫਸਰ 2 ਪੰਜਾਬ ਐਨਸੀਸੀ ਬਟਾਲੀਅਨ ਨੇ ਕੀਤੀ। ਕਰਨਲ ਜੋਸ਼ੀ ਨੇ ਕਿਹਾ ਕਿ ਏ ਐਨ ਓ ਅਤੇ ਏਅਰ ਟੇਕਰ ਅਫ਼ਸਰ ਐਨਸੀਸੀ ਦੇ ਥੰਮ੍ਹ ਹਨ। ਉਨ੍ਹਾਂ ਕਿਹਾ ਕਿ ਏਕਤਾ ਅਤੇ ਅਨੁਸ਼ਾਸਨ ਦੇ ਮੂਲ ਮੰਤਰ ਨਾਲ ਕੈਡਿਟਾਂ ਦੇ ਚਰਿੱਤਰ ਦਾ ਨਿਰਮਾਣ ਕਰਨਾ ਅਤੇ ਉਨ੍ਹਾਂ ਨੂੰ ਵੱਖ-ਵੱਖ ਕੈਰੀਅਰ ਵਿਕਲਪਾਂ ਤੋਂ ਜਾਣੂ ਕਰਵਾਉਣਾ ਐੱਨ ਸੀ ਸੀ ਦਾ ਮੁੱਖ ਮੰਤਵ ਹੈ। ਉਨ੍ਹਾਂ ਐਨ ਸੀ ਅਫਸਰਾਂ ਨੂੰ ਕੈਡਿਟਾਂ ਨੂੰ ਫੌਜ, ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ।
ਕਰਨਲ ਜੋਸ਼ੀ ਨੇ ਕਿਹਾ ਕਿ 2 ਪੰਜਾਬ ਐਨਸੀਸੀ ਬਟਾਲੀਅਨ ਦੇਸ਼ ਦੀ ਸਭ ਤੋਂ ਪੁਰਾਣੀ ਐਨਸੀਸੀ ਬਟਾਲੀਅਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਨੌਜਵਾਨਾਂ ਦਾ ਅਹਿਮ ਯੋਗਦਾਨ ਹੈ ਅਤੇ ਉਨ੍ਹਾਂ ਨੂੰ ਸਹੀ ਸੇਧ ਦੇਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਕਾਨਫਰੰਸ ਉਪਰੰਤ ਥਰਡ ਅਫਸਰ ਪਵਨ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ; ਥਰਡ ਅਫਸਰ ਦੀਪਿਕਾ ਦੂਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਖਲ ਧਾਲੀਵਾਲ; ਅਤੇ ਥਰਡ ਅਫਸਰ ਧਰਮਿੰਦਰ ਕੁਮਾਰ ਮੀਨਾ, ਕੇਂਦਰੀ ਵਿਦਿਆਲਿਆ ਨੰਬਰ 3 ਨੂੰ ਸੈਕਿੰਡ ਅਫਸਰ ਪਦਉਨਤ ਕੀਤਾ ਗਿਆ। ਤਰੱਕੀ ਲਈ ਅਫ਼ਸਰ ਸਿਖਲਾਈ ਅਕੈਡਮੀ, ਗਵਾਲੀਅਰ ਜਾਂ ਅਫ਼ਸਰ ਸਿਖਲਾਈ ਅਕੈਡਮੀ, ਮੱਧ ਪ੍ਰਦੇਸ਼ ਵਿੱਚ ਰਿਫਰੈਸ਼ਰ ਕੋਰਸ ਕਰਨਾ ਲਾਜ਼ਮੀ ਹੈ। ਇਨ੍ਹਾਂ ਨੂੰ ਐਨਸੀਸੀ ਵਿੱਚ ਤਿੰਨ-ਚਾਰ ਸਾਲਾਂ ਦੀ ਅਣਥੱਕ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਤੋਂ ਬਾਅਦ ਇਹ ਤਰੱਕੀ ਪ੍ਰਾਪਤ ਹੋਈ ਹੈ। ਕਮਾਂਡਿੰਗ ਅਫ਼ਸਰ ਨੇ ਸੈਕਿੰਡ ਅਫ਼ਸਰ ਦੀਪਿਕਾ ਦੂਆ ਨੂੰ ਲੈਕਚਰਾਰ ਬਣਨ ‘ਤੇ ਵਧਾਈ ਵੀ ਦਿੱਤੀ | ਐਨਸੀਸੀ ਗੀਤ ਅਤੇ ਭੋਜਨ ਨਾਲ ਕਾਨਫਰੰਸ ਦੀ ਸਮਾਪਤੀ ਹੋਈ।
