

ਜਲੰਧਰ / ਰਾਮਾ ਮੰਡੀ / ਪੰਜਾਬ ਦੈਨਿਕ ਨਿਊਜ਼ (ਅਨਿਲ ਕੁਮਾਰ ਜੇ ਪੀ ਸੋਨੂ ) ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਐਸਐਸਪੀ ਦਿਹਾਤੀ ਹਰਕੰਵਲਪ੍ਰੀਤ ਸਿੰਘ ਖੱਖ, ਐਸਪੀ ਮੁਖਤਿਆਰ ਰਾਏ ਅਤੇ ਡੀਐੱਸਪੀ ਆਦਮਪੁਰ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਕੀਤੀ ਸ਼ਿਰਕਤ ।ਪੁਲਿਸ ਅਤੇ ਪਬਲਿਕ ਸੰਬੰਧਾਂ ਨੂੰ ਹੋਰ ਸੁਖਾਵਾਂ ਬਣਾਉਣ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਸੰਪਰਕ ਪ੍ਰੋਗਰਾਮ ਦੇ ਤਹਿਤ ਥਾਣਾ ਪਤਾਰਾ ਦੀ ਪੁਲਿਸ ਟੀਮ ਵੱਲੋਂ ਐਸ.ਐਚ.ਓ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਦੀ ਅਗੁਵਾਈ ਹੇਠ ਪਿੰਡ ਹਜ਼ਾਰਾ ਵਿਖੇ ਸਥਿਤ ਇੱਕ ਪੈਲੇਸ ਵਿਖੇ ਇਲਾਕੇ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਅਤੇ ਪਤਵੰਤਿਆਂ ਨਾਲ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਐਸਐਸਪੀ ਦਿਹਾਤੀ ਹਰਕੰਵਲਪ੍ਰੀਤ ਸਿੰਘ ਖੱਖ, ਐਸਪੀ ਮੁਖਤਿਆਰ ਰਾਏ ਅਤੇ ਡੀਐੱਸਪੀ ਆਦਮਪੁਰ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਦਿਆਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ । ਇਸ ਦੌਰਾਨ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ, ਸੀਨੀਅਰ ਆਪ ਲੀਡਰ ਤੇ ਸਰਪੰਚ ਕਪੂਰ ਪਿੰਡ ਅਸ਼ੋਕ ਕੁਮਾਰ ਅਤੇ ਸੀਨੀਅਰ ਅਕਾਲੀ ਲੀਡਰ ਸੁਖਵਿੰਦਰ ਸਿੰਘ ਖਾਲਸਾ ਕੋਟਲੀ ਨੇ ਜਿੱਥੇ ਪੰਜਾਬ ਪੁਲਿਸ ਵੱਲੋਂ ਆਮ ਜਨਤਾ ਨਾਲ ਰਿਸ਼ਤੇ ਸੁਖਾਵੇਂ ਕਰਨ ਲਈ ਸ਼ੁਰੂ ਕੀਤੇ ਗਏ ਇਸ ਅਭਿਆਨ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਇਲਾਕੇ ਵਿੱਚ ਵਧਦੀਆਂ ਜਾ ਰਹੀਆਂ ਵਾਰਦਾਤਾਂ ਉਤੇ ਚਿੰਤਾ ਵਿਅਕਤ ਕਰਦਿਆਂ ਇਲਾਕੇ ‘ਚ ਪੁਲਿਸ ਗਸ਼ਤ ਨੂੰ ਵਧਾਉਣ ਦੀ ਮੰਗ ਕੀਤੀ ਅਤੇ ਇਲਾਕੇ ‘ਚੋਂ ਨਸ਼ਾ ਰੂਪੀ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਪੁਲਿਸ ਵੱਲੋਂ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਇਲਾਕਾਵਾਸੀਆਂ ਨੂੰ ਰਾਹਤ ਮਿਲ ਸਕੇ ।
ਲੋਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਸੰਬੋਧਨ ਕਰਦਿਆਂ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ ਨੇ ਕਿਹਾ ਕਿ ਪੁਲਿਸ ਨਾਗਰਿਕਾਂ ਦੇ ਸਹਿਯੋਗ ਨਾਲ ਹੀ ਸੂਬੇ ਵਿੱਚੋਂ ਕ੍ਰਾਈਮ ਦਾ ਖਾਤਮਾ ਕਰ ਸਕਦੀ ਹੈ । ਉਨ੍ਹਾਂ ਕਿਹਾ ਕਿ ਪੁਲਿਸ ਉਦੋਂ ਤੱਕ ਸਮਾਜ ‘ਚੋਂ ਕ੍ਰਾਈਮ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਕਰ ਸਕਦੀ ਜਿੰਨਾਂ ਚਿਰ ਲੋਕ ਖੁਦ ਅੱਗੇ ਆ ਕੇ ਪੁਲਿਸ ਦਾ ਸਾਥ ਨਹੀਂ ਦਿੰਦੇ । ਉਨ੍ਹਾਂ ਕਿਹਾ ਕਿ ਇਸੇ ਲਈ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੰਪਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਲਈ ਉਨ੍ਹਾਂ ਇਲਾਏ ਦੀਆਂ ਸਮੂਹ ਪੰਚਾਇਤਾਂ ਨੂੰ ਇਕਜੁੱਟ ਹੋ ਕੇ ਪੁਲਿਸਪ੍ਰਸ਼ਾਸਨਦਾ ਸਾਥ ਦੇਣ ਦੀ ਅਪੀਲ ਕੀਤੀ । ਇਸ ਦੌਰਾਨ ਸੰਬੋਧਨ ਕਰਦਿਆਂ ਐਸ.ਐਸ.ਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਸੂਬੇ ਵਿੱਚ ਵਾਪਰਦੀਆਂ ਜ਼ਿਆਦਾਤਰ ਘਟਨਾਵਾਂ ਪਿੱਛੇ ਮੁੱਖ ਕਾਰਨ ਨਸ਼ਾ ਹੈ, ਜਦੋਂ ਅਪਰਾਧੀਆਂ ਨੂੰ ਨਸ਼ਾ ਕਰਨ ਲਈ ਪੈਸਾ ਨਹੀਂ ਮਿਲਦਾ ਤਾਂ ਉਹ ਅਲੱਗ-ਅਲੱਗ ਤਰੀਕੇ ਦੇ ਕ੍ਰਾਈਮ ਕਰਦੇ ਹਨ ਅਤੇ ਜੇਕਰ ਅਸੀਂ ਕ੍ਰਾਈਮ ਨੂੰ ਖ਼ਤਮ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਸਮਾਜ ਵਿੱਚੋਂ ਨਸ਼ਾ ਰੂਪੀ ਕੋਹੜ ਨੂੰ ਜੜ੍ਹੋਂ ਖਤਮ ਕਰਨਾ ਹੋਵੇਗਾ, ਜਿਸ ਲਈ ਸਾਡੇ ਸਾਰੇ ਸਮਾਜ ਨੂੰ ਇਕਮੁੱਠ ਹੋ ਕੇ ਕੋਸ਼ਿਸ਼ ਕਰਨੀ ਪਵੇਗੀ । ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਸੰਪਰਕ ਪ੍ਰੋਗਰਾਮ ਇਸੇ ਕੜੀ ਦੀ ਪਹਿਲ ਹੈ, ਜਿਸ ਲਈ ਲੋਕਾਂ ਦੇ ਸਹਿਯੋਗ ਨਾਲ ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ । ਗੱਲਬਾਤ ਕਰਦਿਆਂ ਡੀ.ਐਸ.ਪੀ ਕੁਲਵੰਤ ਸਿੰਘ ਨੇ ਸੁਚੱਜੇ ਸਮਾਜ ਦੀ ਸਿਰਜਣਾ ਅਤੇ ਇਲਾਕੇ ‘ਚੋਂ ਕ੍ਰਾਇਮ ਨੂੰ ਨੱਥ ਪਾਉਣ ਲਈ ਲੋਕਾਂ ਅਤੇ ਪੰਚਾਇਤਾਂ ਨੂੰ ਇਕਜੁੱਟ ਹੋ ਕੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਉਹ ਖੁਦ ਲੋਕਾਂ ਦੀ ਸੇਵਾ ਲਈ ਹਰ ਵੇਲੇ ਮੌਜੂਦ ਹਨ । ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ‘ਚ ਕਿਸੇ ਵੀ ਪੰਚਾਇਤ ਯਾਂ ਆਮ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਲੋਕ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ।
ਇਸ ਮੌਕੇ ਸਾਬਕਾ ਸਰਪੰਚ ਕੁਲਵਿੰਦਰ ਬਾਘਾ, ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬੂਟਾ ਸਿੰਘ, ਸੀਨੀਅਰ ਅਕਾਲੀ ਲੀਡਰ ਸੁਖਵਿੰਦਰ ਸਿੰਘ ਖਾਲਸਾ ਕੋਟਲੀ, ਸਰਪੰਚ ਕਪੂਰ ਪਿੰਡ ਅਸ਼ੋਕ ਕੁਮਾਰ, ਪ੍ਰੇਮ ਕੁਮਾਰ ਭੋਜੋਵਾਲ, ਲਖਵੀਰ ਸਿੰਘ ਹਜ਼ਾਰਾ, ਸਰਪੰਚ ਸੁਮਿੱਤਰੀ ਦੇਵੀ, ਲਲਿਤ ਅੰਬੇਡਕਰੀ ਕੰਗਣੀਵਾਲ, ਐਸ.ਆਈ ਮਨਜਿੰਦਰ ਸਿੰਘ ਗਿੱਲ, ਏ.ਐਸ.ਆਈ ਬਲਜੀਤ ਸਿੰਘ ਐਮ.ਐਸ.ਈ ਸਮੇਤ ਇਲਾਕੇ ਦੇ ਸਰਪੰਚ, ਪੰਚ ਤੇ ਪਤਵੰਤੇ ਮੌਜੂਦ ਸਨ ।
