

ਜਲੰਧਰ / ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) 2 ਪੰਜਾਬ ਐਨ.ਸੀ.ਸੀ. ਬਟਾਲੀਅਨ ਦੀ ਅਗਵਾਈ ਹੇਠ 76ਵੇਂ ਐਨ.ਸੀ.ਸੀ ਸਥਾਪਨਾ ਦਿਵਸ ਮੌਕੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਕਈ ਮੁਕਾਬਲੇ ਅਤੇ ਪ੍ਰੋਗਰਾਮ ਕਰਵਾਏ ਗਏ। ਵੱਖ-ਵੱਖ ਸਕੂਲਾਂ ਵਿੱਚ ਸਵੱਛ ਭਾਰਤ, ਵਾਤਾਵਰਨ, ਸ਼ਹੀਦਾਂ ਨੂੰ ਸਲਾਮ ਅਤੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦਾ ਯੋਗਦਾਨ ਆਦਿ ਵਿਸ਼ਿਆਂ ’ਤੇ ਪੋਸਟਰ ਮੁਕਾਬਲੇ ਕਰਵਾਏ ਗਏ। ਸੀ ਟੀ ਇੰਸਟੀਚਿਊਟ, ਕੇਂਦਰੀ ਵਿਦਿਆਲਿਆ 2 ਅਤੇ 4 ਦੇ ਕੈਡਿਟਾਂ ਵੱਲੋਂ ਏਕ ਪੇੜ – ਮਾਂ ਕੇ ਨਾਮ ਦੇ ਉਪਰਾਲੇ ਤਹਿਤ ਰੁੱਖ ਲਗਾਏ ਗਏ। ਡੀਏਵੀ ਯੂਨੀਵਰਸਿਟੀ ਦੇ ਡਾ: (ਲੈਫਟੀਨੈਂਟ) ਅਹਿਮਦ ਹੁਸੈਨ ਅਤੇ ਉਨ੍ਹਾਂ ਦੇ 48 ਕੈਡਿਟਾਂ ਨੇ ਇਸ ਦਿਨ ਨੂੰ ਮਨਾਉਣ ਲਈ ਖੂਨਦਾਨ ਕੀਤਾ। ਮੇਹਰ ਚੰਦਰ ਆਈ.ਟੀ.ਆਈ ਦੇ ਲੈਫਟੀਨੈਂਟ ਕੁਲਦੀਪ ਸ਼ਰਮਾ ਨੇ ਰਾਸ਼ਟਰ ਦੇ ਸ਼ਹੀਦਾਂ ਨੂੰ ਸਲਾਮ ਦੇ ਵਿਸ਼ੇ ‘ਤੇ ਕੈਡਿਟਾਂ ਨਾਲ 15 ਕਿਲੋਮੀਟਰ ਦੀ ਸਾਈਕਲ ਰੈਲੀ ਕੱਢੀ ਅਤੇ ਮੇਜਰ ਰਮਨ ਦਾਦਾ ਕੀਰਤੀ ਚੱਕਰ (ਮਰਨ ਉਪਰੰਤ) ਨੂੰ ਸ਼ਰਧਾਂਜਲੀ ਦਿੱਤੀ। ਸੀ ਟੀ ਇੰਸਟੀਚਿਊਟ ਵੱਲੋਂ ਕੁਇਜ਼ ਮੁਕਾਬਲੇ ਕਰਵਾਏ ਗਏ। ਐਨਸੀਸੀ ਸਥਾਪਨਾ ਦਿਵਸ ‘ਤੇ ਵੱਖ-ਵੱਖ ਮੁਕਾਬਲਿਆਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੀਆਂ ਵਿਦਿਅਕ ਸੰਸਥਾਵਾਂ ਵਿੱਚ ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ, ਕੇਂਦਰੀ ਵਿਦਿਆਲਿਆ 2 ਅਤੇ 4, ਡੀਏਵੀ ਯੂਨੀਵਰਸਿਟੀ, ਸਟੇਟ ਪਬਲਿਕ ਸਕੂਲ, ਸੀਟੀ ਇੰਸਟੀਚਿਊਟ ਅਤੇ ਮੇਹਰ ਚੰਦ ਆਈਟੀਆਈ ਕਾਲਜ ਸ਼ਾਮਲ ਸਨ।
ਐਨ.ਸੀ.ਸੀ. ਦੇ 76ਵੇਂ ਸਥਾਪਨਾ ਦਿਵਸ ਮੌਕੇ ਕਰਨਲ ਵਿਨੋਦ ਜੋਸ਼ੀ, ਕਮਾਂਡਿੰਗ ਅਫ਼ਸਰ 2 ਪੰਜਾਬ ਬਟਾਲੀਅਨ ਐਨ.ਸੀ.ਸੀ., ਸੂਬੇਦਾਰ ਰਾਜਿੰਦਰ ਸਿੰਘ ਅਤੇ ਸੀਨੀਅਰ ਕੈਡਿਟਾਂ ਨੇ ਜੰਗੀ ਯਾਦਗਾਰ ਜਲੰਧਰ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਬਹਾਦਰ ਸ਼ਹੀਦਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਦੇਸ਼ ਦੀ ਸੁਰੱਖਿਆ ਲਈ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ ਗਿਆ। ਕਰਨਲ ਜੋਸ਼ੀ ਨੇ ਕਿਹਾ ਕਿ ਨੌਜਵਾਨ ਕੈਡਿਟਾਂ ਦੇ ਸ਼ਖਸੀਅਤ ਵਿਕਾਸ ਰਾਹੀਂ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਕਰਨ ਦਾ ਸਫਲ ਯਤਨ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਐਨ.ਸੀ.ਸੀ. ਦਾ ਉਦੇਸ਼ ਜ਼ਿੰਮੇਵਾਰ ਨਾਗਰਿਕ ਤਿਆਰ ਕਰਨਾ ਹੈ। 1948 ਵਿੱਚ ਇਸਦੀ ਸ਼ੁਰੂਆਤ ਤੋਂ ਲੈ ਕੇ, ਐਨ ਸੀ ਸੀ ਆਪਣੀ ਏਕਤਾ ਅਤੇ ਅਨੁਸ਼ਾਸਨ ਦੇ ਉਦੇਸ਼ ਨਾਲ ਰਾਸ਼ਟਰ ਨਿਰਮਾਣ ਵਿੱਚ ਲਗਾਤਾਰ ਯੋਗਦਾਨ ਪਾ ਰਿਹਾ ਹੈ। ਐਨਸੀਸੀ ਰਾਹੀਂ ਕੈਡਿਟਾਂ ਨੂੰ ਭਾਰਤੀ ਹਥਿਆਰਬੰਦ ਬਲਾਂ ਵਿੱਚ ਕਮਿਸ਼ਨਡ ਅਫਸਰ, ਅਗਨੀਵੀਰ ਅਤੇ ਹੋਰ ਹਥਿਆਰਬੰਦ ਬਲਾਂ ਵਜੋਂ ਆਪਣਾ ਕਰੀਅਰ ਬਣਾਉਣ ਲਈ ਤਿਆਰ ਕੀਤਾ ਜਾਂਦਾ ਹੈ।
