ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਸੱਦੇ ਤਹਿਤ ਅੱਜ ਜਥੇਬੰਦੀ ਵਲੋਂ ਮਜ਼ਦੂਰਾਂ ਦੇ ਜ਼ਮੀਨ,ਲਾਲ ਲਕੀਰ,ਘਰ, ਦਿਹਾੜੀ, ਕਰਜ਼ਾ ਮੁਆਫ਼ੀ ਅਤੇ ਸਮਾਜਿਕ ਜ਼ਬਰ ਦੇ ਖ਼ਾਤਮੇ ਵਰਗੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਕੰਪਨੀ ਬਾਗ ਸਥਿਤ ਬੀਡੀਪੀਓ ਜਲੰਧਰ ਪੱਛਮੀ ਦੇ ਦਫ਼ਤਰ ਅੱਗੇ ਤਿੰਨ ਘੰਟੇ ਤੋਂ ਵੱਧ ਸਮਾਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂਅ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪਿੰਡ ਪੁਆਰਾ ਦੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਗੰਦੇ ਪਾਣੀ ਦੇ ਨਿਕਾਸੀ ਛੱਪੜ ਨੂੰ ਪੂਰਨ ਦੇ ਮਸਲੇ ਦੇ ਹੱਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਬੀਡੀਪੀਓ ਸੇਵਾ ਸਿੰਘ,ਨਾਇਬ ਤਹਿਸੀਲਦਾਰ ਜਲੰਧਰ 2, ਐੱਸ ਐੱਚ ਓ ਕਰਤਾਰਪੁਰ, ਲਾਂਬੜਾ, ਨੈਸ਼ਨਲ ਹਾਈਵੇ ਅਥਾਰਟੀ ਦੇ ਨੁਮਾਇੰਦੇ ਮੱਖਣ ਸਿੰਘ ਮਾਨ ਅਤੇ ਯੂਨੀਅਨ ਦੇ ਆਗੂਆਂ ਦਰਮਿਆਨ ਹੋਈ ਮੀਟਿੰਗ ਦੌਰਾਨ ਅੰਤ ਨੈਸ਼ਨਲ ਹਾਈਵੇ ਅਥਾਰਟੀ ਨੂੰ ਲਿਖਤੀ ਰੂਪ ਵਿੱਚ ਇਕਰਾਰ ਕਰਨਾ ਪਿਆ ਕਿ ਜਿੰਨੀਂ ਦੇਰ ਗੰਦੇ ਪਾਣੀ ਦੇ ਨਿਕਾਸ ਲਈ ਨਵਾਂ ਛੱਪੜ ਨਹੀਂ ਬਣ ਜਾਂਦਾ ਉਨੀਂ ਦੇਰ ਪਹਿਲੇ ਮੌਜੂਦ ਛੱਪੜ ਵਾਲੀ ਜ਼ਮੀਨ ਉੱਪਰ ਕੋਈ ਕੰਮ ਨਹੀਂ ਕੀਤਾ ਜਾਵੇਗਾ। ਬੀਡੀਪੀਓ ਸੇਵਾ ਸਿੰਘ ਨੇ ਮਗਨਰੇਗਾ ਵਰਕਰਾਂ ਨੂੰ ਜਲਦੀ ਹੀ ਕੰਮ ਮੁਹੱਈਆ ਕਰਵਾਉਣ ਸਮੇਤ ਸਥਾਨਕ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਲੰਬੇ ਖ਼ਾੜਕੂ ਲੋਕ ਸੰਘਰਸ਼ਾਂ ਉਪਰੰਤ ਕੇਂਦਰ ਸਰਕਾਰ ਨੂੰ ਲੈਂਡ ਸੀਲਿੰਗ ਐਕਟ 1972 ਅਤੇ ਕੁੱਝ ਕੁ ਹੋਰ ਭਲਾਈ ਸਕੀਮਾਂ ਬਣਾਉਣੀਆਂ ਪਈਆ,ਜਿਸ ਵਿੱਚ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਰਜਿਸਟਰੀਆਂ ਕਰਕੇ ਦਿੱਤੀਆਂ ਜਾਣੀਆਂ ਸਨ ਅਤੇ ਘਰ ਤੇ ਮਕਾਨ ਬਣਾ ਕੇ ਦੇਣਾ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹਨਾਂ ਨੂੰ ਲਾਗੂ ਕਰਵਾਉਣ ਲਈ ਕੋਈ ਧੇਲੇ ਦਾ ਕੰਮ ਨਹੀਂ ਕੀਤਾ ਅਤੇ ਹੋਰਨਾਂ ਸਰਕਾਰਾਂ ਵਾਂਗ ਭਗਵੰਤ ਸਿੰਘ ਮਾਨ ਸਰਕਾਰ ਨੇ ਵੀ ਡੱਕਾ ਨਹੀਂ ਤੋੜਿਆਂ।
ਜਥੇਬੰਦੀ ਨੇ ਸੀਲਿੰਗ ਐਕਟ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ-ਕਿਸਾਨਾਂ ਚ ਵੰਡਣ, ਪ੍ਰੋਫੈਸ਼ਨਲ ਗੌਰਮਿੰਟ ਤੇ ਨਜ਼ੂਲ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਦਲਿਤਾਂ ਨੂੰ ਮਾਲਕੀ ਹੱਕ ਦੇਣ,ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਦੇ ਨਾਂ ਰਜਿਸਟਰੀਆਂ ਕਰਨ,ਘਰ, ਮਕਾਨ ਬਣਾ ਕੇ ਦੇਣ, ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਮਜ਼ਦੂਰਾਂ ਨੂੰ ਲਗਾਤਾਰ ਰੁਜ਼ਗਾਰ ਮੁਹੱਈਆ ਕਰਵਾਉਣ ਤੇ ਦਿਹਾੜੀ ਚ ਵਾਧਾ ਕਰਨ, ਕਰਜ਼ਾ ਮੁਆਫ਼ੀ ਤੇ ਬਦਲਵੇਂ ਕਰਜ਼ੇ ਦਾ ਪ੍ਰਬੰਧ ਕਰਨ ਅਤੇ ਸਮਾਜਿਕ ਜ਼ਬਰ ਦਾ ਖਾਤਮਾ ਕਰਨ ਦੀ ਮੰਗ ਕੀਤੀ।ਇਸ ਮੌਕੇ ਯੂਨੀਅਨ ਦੇ ਤਹਿਸੀਲ ਆਗੂ ਸਰਬਜੀਤ ਕੌਰ ਕੁੱਦੋਵਾਲ, ਪਰਮਜੀਤ ਕੌਰ ਮੀਕੋ, ਬਲਵਿੰਦਰ ਕੌਰ,ਕੇ ਐੱਸ ਅਟਵਾਲ, ਲਾਬੜਾ ਇਲਾਕੇ ਦੇ ਕਨਵੀਨਰ ਸੁਖਜਿੰਦਰ ਸਿੰਘ ਪੁਆਰ, ਸੁਖਵੀਰ ਸੁੱਖਾ ਅਤੇ ਮੰਗਤ ਰਾਮ ਆਦਿ ਨੇ ਵੀ ਸੰਬੋਧਨ ਕੀਤਾ।