
ਰਾਮਾ ਮੰਡੀ ਜਲੰਧਰ ਕੈਂਟ /ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਗੁਰਦੁਆਰਾ ਧੰਨ ਧੰਨ ਸ਼ਹੀਦ ਨਿਹਾਲ ਸਿੰਘ ਜੀ ਤੱਲ੍ਹਣ ਸਾਹਿਬ ਜੀ ਦਾ 73ਵਾਂ ਸ਼ਹੀਦੀ ਸਲਾਨਾ ਜੋੜ ਮੇਲਾ ਗੁਰਦੁਆਰਾ ਪ੍ਰਬੰਧਕ ਕਮੇਟੀ, ਇਲਾਕਾਵਾਸੀਆਂ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 12 ਤੋਂ 16 ਜੂਨ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ ਸ਼ਹੀਦੀ ਜੋੜ ਮੇਲੇ ਦੌਰਾਨ ਇਲਾਕੇ ਅਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਗੁਰੂਘਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆਂ ਗੁਰਦੁਆਰਾ ਤੱਲ੍ਹਣ ਸਾਹਿਬ ਦੇ ਰਿਸੀਵਰ ਸਬ-ਰਜਿਸਟਰਾਰ ਜਲੰਧਰ-1 ਤੇ ਤਹਿਸੀਲਦਾਰ ਸ਼ਾਹਕੋਟ ਮਨਿੰਦਰ ਸਿੰਘ ਸਿੱਧੂ ਨੇ ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਰੂਪੀ ਕੋਹੜ ਤੋਂ ਬਚਾਉਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਸ ਵਾਰ ਪ੍ਰਬੰਧਕ ਕਮੇਟੀ ਵਲੋਂ ਜੋੜ ਮੇਲੇ ਦੇ ਦੋ ਦਿਨ ਵਧਾਏ ਗਏ ਹਨ ਤਾਂ ਜੋ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾਂਦੇ ਕਬੱਡੀ, ਕੁਸ਼ਤੀ, ਵਾਲੀਬਾਲ, ਫੁੱਟਬਾਲ, ਬੈਲ-ਗੱਡੀਆਂ ਦੀਆਂ ਦੌੜਾਂ ਅਤੇ ਕਰਾਸ-ਕੰਟਰੀ ਦੌੜ ਦੇ ਮੁਕਾਬਲੇ ਸੁਚਾਰੂ ਢੰਗ ਨਾਲ ਕਰਵਾਏ ਜਾ ਸਕਣ । ਉਨ੍ਹਾਂ ਦੱਸਿਆ ਕਿ 14 ਜੂਨ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਣਗੇ । ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਗੁਰਮਤਿ ਸੰਗੀਤ ਵਿਦਿਆਲਾ ਦੇ ਬੱਚੇ, ਬੀਬੀ ਹਰਪ੍ਰੀਤ ਕੌਰ ਜੀ ਪਟਿਆਲਾ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਜੱਥਾ ਗੁ. ਸਾਹਿਬ, ਭਾਈ ਕ੍ਰਿਪਾਲ ਸਿੰਘ ਹਜ਼ੂਰੀ ਕਥਾ ਵਾਚਕ, ਬੀਬੀ ਜਸਪ੍ਰੀਤ ਕੌਰ ਖਾਲਸਾ, ਜਲੰਧਰ ਵਾਲੇ, ਭਾਈ ਪਰਵਿੰਦਰਪਾਲ ਸਿੰਘ ਹਜ਼ੂਰੀ ਕਥਾ ਵਾਚਕ, ਜਸਵਿੰਦਰ ਸਿੰਘ ਜਾਚਕ ਹਜ਼ੂਰੀ ਰਾਗੀ ਜੱਥਾ ਗੁ. ਸਾਹਿਬ, ਭਾਈ ਕਰਨ ਸਿੰਘ ਮੀਤ ਗ੍ਰੰਥੀ ਸੋਦਰ ਰਹਿਰਾਸ ਸਹਿਬ, ਭਾਈ ਮਨਜੀਤ ਸਿੰਘ ਜੀ ਹੈੱਡ ਗ੍ਰੰਥੀ ਅਰਦਾਸ ਤੇ ਹੁਕਮਨਾਮਾ ਸਾਹਿਬ, ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਦਰਬਾਰ ਸਾਹਿਬ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰਨਗੇ ।ਰਿਸੀਵਰ ਮਨਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 16 ਜੂਨ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ, ਇਸ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਰਾਗੀ ਢਾਡੀ ਦਰਬਾਰ ਸਵੇਰੇ 10:30 ਵਜੇ ਤੋਂ ਸ਼ਾਮ 4:30 ਵਜੇ ਤੱਕ ਸਜਾਏ ਜਾਣਗੇ ਜਿਸ ਵਿੱਚ ਭਾਈ ਕਰਨ ਸਿੰਘ ਜੀ ਮੀਤ ਗ੍ਰੰਥੀ, ਭਾਈ ਮਨਜੀਤ ਸਿੰਘ ਜੀ ਹੈੱਡ ਗ੍ਰੰਥੀ ਅਤੇ ਢਾਡੀ ਗੁਰਪ੍ਰਤਾਪ ਸਿੰਘ ਪਦਮ, ਢਾਡੀ ਸੰਦੀਪ ਕੌਰ ਖਾਲਸਾ, ਢਾਡੀ ਗਿਆਨੀ ਸੁਰਜੀਤ ਸਿੰਘ ਵਾਰਸ ਤੇ ਢਾਡੀ ਮੇਜਰ ਸਿੰਘ ਖਾਲਸਾ ਵੱਲੋਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚੋਂ ਕਥਾ, ਕੀਰਤਨ ਕਰਦੇ ਹੋਏ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਣਗੇ । ਸਮਾਗਮ ਦੌਰਾਨ ਮੰਚ ਦਾ ਸੰਚਾਲਨ ਹਰਵਿੰਦਰ ਸਿੰਘ ਵੀਰ ਅਤੇ ਤੀਰਥ ਸਿੰਘ ਢਿੱਲੋਂ ਵਲੋਂ ਕੀਤਾ ਜਾਵੇਗਾ ।
ਸਮਾਗਮ ਦੌਰਾਨ ਲਗਾਇਆ ਜਾਵੇਗਾ ਫ੍ਰੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ
12 ਜੂਨ ਤੋਂ 16 ਜੂਨ ਤੱਕ ਗੁਰਦੁਆਰਾ ਸ਼ਹੀਦਾਂ ਤੱਲ੍ਹਣ ਸਾਹਿਬ ਵਿਖੇ ਮਨਾਏ ਜਾ ਰਹੇ 73ਵੇਂ ਸਲਾਨਾ ਸ਼ਹੀਦੀ ਜੋੜ ਮੇਲੇ ਦੌਰਾਨ ਸੰਗਤਾਂ ਦੀ ਸਹੂਲਤ ਲਈ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਤੱਲ੍ਹਣ ਵਲੋਂ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਹਸਪਤਾਲ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਮਰੀਜ਼ਾਂ ਦਾ ਮੁਆਇਨਾ ਕਰਨਗੀਆਂ ਅਤੇ ਜ਼ਰੂਰਤਮੰਦਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 16 ਜੂਨ ਨੂੰ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ । ਮੈਨੇਜਰ ਭਾਈ ਬਲਜੀਤ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਵਾਹਨਾਂ ਦੀ ਪਾਰਕਿੰਗ ਦੀ ਵਿਵਸਥਾ ਅਤੇ ਵੱਖ-ਵੱਖ ਥਾਈਂ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਵੱਖ-ਵੱਖ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ 12 ਜੂਨ ਨੂੰ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਤੇ ਨੌਜਵਾਨਾਂ ਲਈ ਕਰਾਸ-ਕੰਟਰੀ ਦੌੜ ਮੁਕਾਬਲੇ ਕਰਵਾਏ ਜਾਣਗੇ । ਇਸ ਤੋਂ ਇਲਾਵਾ 45, 55, 70 ਕਿਲੋ ਵਰਗ ਅਤੇ ਓਪਨ ਕਬੱਡੀ ਖੇਡ ਮੁਕਾਬਲੇ, ਫੁੱਟਬਾਲ ਮੁਕਾਬਲੇ, ਵਾਲੀਬਾਲ ਮੁਕਾਬਲੇ, ਬੈਲ-ਗੱਡੀਆ ਦੀਆਂ ਦੌੜਾਂ, ਲੜਕੀਆਂ ਅਤੇ ਬੱਚਿਆਂ ਦੇ ਕਬੱਡੀ ਸ਼ੋਅ ਮੈਚ ਅਤੇ 16 ਜੂਨ ਨੂੰ ਪਟਕੇ ਦੀ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਣਗੇ ।

