ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਏਕਤਾ ਅਤੇ ਅਨੁਸ਼ਾਸਨ ਦੇ ਉਤਮ ਉਦੇਸ਼ ਦੇ ਨਾਲ 1948 ਵਿੱਚ ਨੈਸ਼ਨਲ ਕੈਡਿਟ ਕੋਰ ਦੀ ਸ਼ੁਰੂਆਤ ਹੋਈ ਸੀ। ਐਨਸੀਸੀ ਦਾ 76ਵਾਂ ਸਥਾਪਨਾ ਦਿਵਸ 2 ਪੰਜਾਬ ਐਨਸੀਸੀ ਬਟਾਲੀਅਨ ਦੁਆਰਾ ਯੁੱਧ ਸਮਾਰਕ, ਜਲੰਧਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਖ ਕੇ ਮਨਾਇਆ ਗਿਆ। ਕਰਨਲ ਵਿਨੋਦ ਜੋਸ਼ੀ, ਕਮਾਂਡਿੰਗ ਅਫਸਰ, ਨੇ ਰਾਸ਼ਟਰ ਦੇ ਲਈ ਸਰਬ ਉੱਚ ਬਲੀਦਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਬਾਅਦ ਕਾਰਜਕਾਰੀ ਸੂਬੇਦਾਰ ਮੇਜਰ ਸੁਖਦੇਵ, ਜੂਨੀਅਰ ਕਮਿਸ਼ਨ ਅਫਸਰਾਂ ਅਤੇ ਐਨਸੀਸੀ ਦੇ ਕੈਡਿਟਾਂ ਨੇ ਯੁੱਧ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਰਕਾਰੀ ਆਈਟੀਆਈ ਮੇਹਰ ਚੰਦ ਕਾਲਜ ਦੇ ਕੈਡਿਟਾਂ ਨੇ ਜਰੂਰਤਮੰਦ ਲੋਕਾਂ ਨੂੰ ਗਰਮ ਕੱਪੜੇ ਵੰਡੇ। ਕੈਪਟਨ ਕੁਲਦੀਪ ਸ਼ਰਮਾ ਐਸੋਸੀਏਟ ਐਨਸੀਸੀ ਅਫਸਰ ਦੁਆਰਾ ਇਸ ਕੰਮ ਵਿੱਚ ਅਗਵਾਈ ਕੀਤੀ ਗਈ। ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਦੇ ਕੈਡਿਟਾਂ ਨੇ ਸਫਾਈ ਅਭਿਆਨ ਨਾਲ ਸੰਬੰਧਿਤ ‘ਸਫ਼ਾਈ ਤੋਂ ਸਿਹਤ’ ਵਿਸੇ਼ ਤੇ ਇੱਕ ਚਰਚਾ ਵੀ ਕੀਤੀ ਗਈ।ਕੈਪਟਨ ਵਿਨੇ ਕੁਮਾਰ ਧਨੌਰੀਆ ਨੇ ਇਹ ਅਭਿਆਨ ਜਵਾਹਰ ਨਵੋਦਿਆ ਵਿਦਿਆਲਿਆ ਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਚਲਾਇਆ ਹੋਇਆ ਹੈ। 76ਵੇਂ ਐਨਸੀਸੀ ਸਥਾਪਨਾ ਦਿਵਸ ਨਾਲ ਸੰਬੰਧਿਤ ਇੱਕ ਖੂਨ ਦਾਨ ਕੈਂਪ ਦਾ ਅਭਿਆਨ ਸੀਟੀਓ ਸੁਨੀਲ ਠਾਕੁਰ ਦੁਆਰਾ ਚਲਾਇਆ ਹੋਇਆ ਹੈ ਜਿਸ ਵਿੱਚ 25 ਐਨਸੀਸੀ ਕੈਡਿਟਾਂ ਨੇ ਖੂਨਦਾਨ ਕਰ ਚੁੱਕੇ ਹਨਕ। ਇਸ ਮੌਕੇ ਲੈਫਟੀਨੈਂਟ ਵਿਪੁਲ ਸਿੰਘ ਦੁਆਰਾ ‘ਨੌਜਵਾਨਾਂ ਦੁਆਰਾ ਰਾਸ਼ਟਰ ਨਿਰਮਾਣ ਵਿਚ ਯੋਗਦਾਨ’ ਉੱਪਰ ਇੱਕ ਵਿਚਾਰ ਚਰਚਾ ਕਰਵਾਈ ਗਈ। ਕਰਨਲ ਵਿਨੋਦ ਜੋਸ਼ੀ ਨੇ ਪ੍ਰੈਸ ਰਿਲੀਜ ਵਿਚ ਦੱਸਿਆ ਕਿ ਐਨਸੀਸੀ ਨੇ ਦੇਸ਼ ਦੇ ਨੌਜਵਾਨਾਂ ਵਿੱਚ ਚਰਿੱਤਰ ਨਿਰਮਾਣ ਅਤੇ ਵਿਅਕਤੀਤਵ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਸ਼ਟਰ ਨਿਰਮਾਣ ਦੇ ਇਸ ਕੰਮ ਦੇ ਲਈ ਐਨਸੀਸੀ ਦ੍ਰਿੜ ਸੰਕਲਪ ਹੈ।