

ਕਰਤਾਰਪੁਰ,8 ਸਤੰਬਰ (ਪੰਜਾਬ ਦੈਨਿਕ ਨਿਊਜ)ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਮਜ਼ਦੂਰਾਂ ਦੇ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਸੂਬਾ ਸੱਦੇ ਤਹਿਤ 20 ਸਤੰਬਰ ਨੂੰ ਕਰਤਾਰਪੁਰ ਵਿਖੇ ਤਹਿਸੀਲ ਪੱਧਰੀ ਧਰਨੇ ਮੁਜ਼ਾਹਰੇ ਸੰਬੰਧੀ ਬੇਜ਼ਮੀਨੇ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਵਿੱਢੀ ਮੁਹਿੰਮ ਤਹਿਤ ਪਿੰਡ ਬੱਖੂਨੰਗਲ ਨੰਗਲ,ਪਾੜਾ ਪਿੰਡ ਵਿਖੇ ਮਜ਼ਦੂਰਾਂ ਦੀ ਰੈਲੀ ਕੀਤੀ ਗਈ। ਪਾੜਾ ਪਿੰਡ ਵਿੱਚ ਰੈਲੀ ਉਪਰੰਤ ਪਿੰਡ ਚ ਮਾਰਚ ਕਰਕੇ ਸਰਪੰਚ ਅਸ਼ੋਕ ਕੁਮਾਰ ਨੂੰ ਲੋੜਵੰਦ ਲੋਕਾਂ ਨੂੰ ਪਲਾਟ ਦੇਣ ਤੇ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਰਜਿਸਟਰੀਆਂ ਕਰਕੇ ਦੇਣ ਲਈ ਗ੍ਰਾਮ ਸਭਾ ਅਜਲਾਸ ਬੁਲਾ ਕੇ ਮਤਾ ਪਾਸ ਕਰਨ ਦੀ ਮੰਗ ਕੀਤੀ ਪ੍ਰੰਤੂ ਉਸ ਵਲੋਂ ਅਜਿਹਾ ਨਹੀਂ ਹੋ ਸਕਦਾ ਇਨਕਾਰ ਕਰ ਦਿੱਤਾ ਗਿਆ,ਜਿਸਦੇ ਖਿਲਾਫ਼ ਮਜ਼ਦੂਰਾਂ ਨੇ ਸੰਘਰਸ਼ ਵਿੱਢਣ ਲਈ 20 ਸਤੰਬਰ ਨੂੰ ਕੀਤੇ ਜਾ ਰਹੇ ਧਰਨੇ ਮੁਜ਼ਾਹਰੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਯੂਨੀਅਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਾਰੰਟੀਆਂ ਵਾਲੀ ਸਰਕਾਰ ਮਜ਼ਦੂਰਾਂ ਦੇ ਲੈਂਡ ਸੀਲਿੰਗ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਨੂੰ ਵੰਡਣ, ਪੰਚਾਇਤੀ ਜ਼ਮੀਨਾਂ ਚੋਂ ਦਲਿਤਾਂ ਨੂੰ ਰਾਖਵੇਂ ਤੀਜੇ ਹਿੱਸੇ ਦਾ ਹੱਕ ਪੱਕੇ ਤੌਰ ਤੇ ਦੇਣ, ਲੋੜਵੰਦ ਲੋਕਾਂ ਨੂੰ ਰਿਹਾਇਸ਼ੀ ਪਲਾਟ ਤੇ ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਲਈ ਰਜਿਸਟਰੀਆਂ ਕਰਨ, ਪੱਕੇ ਤੌਰ ਉੱਤੇ ਰੁਜ਼ਗਾਰ ਮੁਹੱਈਆਂ ਕਰਨ ਤੇ ਅੱਤ ਦੀ ਮਹਿੰਗਾਈ ਅਨੁਸਾਰ ਦਿਹਾੜੀ 1000 ਰੂਪਏ ਕਰਨ, ਕਰਜ਼ਾ ਮੁਆਫ਼ੀ ਅਤੇ ਬਦਲਵੇਂ ਕਰਜ਼ੇ ਦਾ ਪ੍ਰਬੰਧ ਕਰਨ ਅਤੇ ਸਮਾਜਿਕ ਜ਼ਬਰ ਦੇ ਖਾਤਮੇ ਵਰਗੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨਾ ਤਾਂ ਦੂਰ ਮਜ਼ਦੂਰ ਸ਼ਬਦ ਤੋਂ ਵੀ ਨਫ਼ਰਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਾਰੇ-ਬਾਜ਼ੀ ਤੋਂ ਵੱਧ ਕੁੱਝ ਨਹੀਂ ਕਰ ਰਹੀ।ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਚੋਂ ਹੱਕ ਮੰਗਣ ਵਾਲੇ ਦਲਿਤ ਮਜ਼ਦੂਰਾਂ ਨੂੰ ਕਾਨੂੰਨੀ ਤੌਰ ਉੱਤੇ ਬਣਦਾ ਹੱਕ ਦੇਣ ਦੀ ਥਾਂ ਲਾਠੀਆਂ ਝੂਠੇ ਕੇਸਾਂ, ਜੇਲਾਂ ਨਾਲ ਨਿਵਾਜਿਆ ਜਾ ਰਿਹਾ ਹੈ,ਇਸਦੀ ਤਾਜ਼ਾ ਉਦਾਹਰਨ ਪਟਿਆਲਾ ਦੇ ਜ਼ਿਲ੍ਹਾ ਦੇ ਪਿੰਡ ਮਡੌਰ ਤੋਂ ਵੇਖ ਸਕਦੇ ਹਾਂ ਜਿੱਥੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਇਸ਼ਾਰੇ ਉੱਪਰ ਦਲਿਤ ਮਜ਼ਦੂਰਾਂ ਦਾ ਪੰਚਾਇਤੀ ਜ਼ਮੀਨ ਦਾ ਹੱਕ ਖੋਹਣ ਲਈ ਉਹਨਾਂ ਉੱਪਰ ਅੱਤਿਆਚਾਰ ਕੀਤਾ ਗਿਆ ਅਤੇ ਉਲ਼ਟ ਉਹਨਾਂ ਖਿਲਾਫ਼ ਹੀ ਸੰਗੀਨ ਧਾਰਾਵਾਂ ਤਹਿਤ ਪਰਚੇ ਪਾ ਜੇਲ੍ਹ ਡੱਕਿਆ ਹੋਇਆ। ਉਨ੍ਹਾਂ ਇਲਾਕੇ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਇੱਕ ਪਾਸੇ ਲੋੜਵੰਦ ਪਰਿਵਾਰ ਰਿਹਾਇਸ਼ੀ ਪਲਾਟਾਂ ਅਤੇ ਲਾਲ ਲਕੀਰ ਵਿੱਚ ਰਹਿੰਦੇ ਲੋਕ ਘਰਾਂ ਦੀਆਂ ਰਜਿਸਟਰੀਆਂ ਹੋਣ ਲਈ ਤਰਸ ਰਹੇ ਹਨ ਦੂਜੇ ਪਾਸੇ ਭਗਵੰਤ ਸਿੰਘ ਮਾਨ ਸਰਕਾਰ ਦੇ ਰਾਜ ਵਿੱਚ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਬੱਖੂਨੰਗਲ ਨੰਗਲ ਕਲੋਨੀ ਦੇ ਦਲਿਤ ਘਰਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਬਿਸ਼ਰਾਮਪੁਰ ਬੱਸ ਅੱਡੇ ਨਜ਼ਦੀਕ ਬਣਿਆ ਛੱਪੜ ਹੀ ਹਾਈਵੇਅ ਕੱਢਣ ਲਈ ਵੇਚ ਦਿੱਤਾ ਗਿਆ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਵੀ ਬਦਲਵਾਂ ਪ੍ਰਬੰਧ ਕੀਤਾ ਨਹੀਂ ਗਿਆ। ਪੀੜਤ ਮਜ਼ਦੂਰਾਂ ਨੂੰ ਵਾਰ ਵਾਰ ਵਿਰੋਧ ਪ੍ਰਦਰਸ਼ਨ ਕਰਨ ਉਪਰੰਤ ਯੂਨੀਅਨ ਦੀ ਅਗਵਾਈ ਹੇਠ ਜੰਮੂ-ਕੱਟੜਾ ਐਕਸ ਪ੍ਰੈਸ ਹਾਈਵੇਅ ਦਾ ਛੱਪੜ ਵਿੱਚ ਚੱਲ ਰਿਹਾ ਕੰਮ ਬੰਦ ਕਰਨ ਲਈ ਮਜ਼ਬੂਰ ਹੋਣਾ ਪਿਆ। ਅੱਜ ਮੌਕੇ ਉੱਤੇ ਨਾਇਬ ਤਹਿਸੀਲਦਾਰ ਕਰਤਾਰਪੁਰ, ਬੀਡੀਪੀਓ ਜਲੰਧਰ ਪੱਛਮੀ ਸੇਵਾ ਸਿੰਘ ਅਤੇ ਕੰਪਨੀ ਦੇ ਨੁਮਾਇੰਦਿਆਂ ਵਲੋਂ ਜਾ ਕੇ ਯੂਨੀਅਨ ਆਗੂਆਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਕੰਮ ਚਾਲੂ ਕਰਨ ਲਈ ਕਿਹਾ ਗਿਆ ਤਾਂ ਯੂਨੀਅਨ ਆਗੂਆਂ ਤੇ ਪਿੰਡ ਵਾਸੀਆਂ ਨੇ ਦੋ ਟੁੱਕ ਜਵਾਬ ਦਿੱਤਾ ਕਿ ਜਿਹਨਾਂ ਚਿਰ ਗੰਦੇ ਪਾਣੀ ਦੇ ਨਿਕਾਸ ਲਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਬਿਲਕੁੱਲ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ। ਪੀੜਤ ਲੋਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਗੰਦਾ ਪਾਣੀ ਘਰਾਂ ਵਿੱਚ ਜਮ੍ਹਾਂ ਹੋਣ ਉੱਤੇ ਉਹ ਆਪਣੇ ਹੱਥੀਂ ਗੰਦਾ ਪਾਣੀ ਝੱਟਣ ਲਈ ਮਜ਼ਬੂਰ ਹਨ ਅਤੇ ਇਸ ਸਮੱਸਿਆ ਕਾਰਨ ਕਈ ਪ੍ਰਕਾਰ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਦਲਵਾਂ ਪ੍ਰਬੰਧ ਜਲਦੀ ਕਰਕੇ ਦੇਣ ਦਾ ਭਰੋਸਾ ਦਿੱਤਾ। ਲੋਕ ਵਿਰੋਧ ਵਜੋਂ ਮੌਕੇ ਉੱਪਰ ਮੋਰਚਾ ਲਗਾ ਕੇ ਡਟੇ ਹੋਏ ਹਨ।ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਛੱਪੜ ਵਿੱਚ ਕੰਪਨੀ ਪ੍ਰਬੰਧਕਾਂ ਦੀ ਘੋਰ ਅਣਗਹਿਲੀ ਕਾਰਨ ਬੋਰਵੈੱਲ ਚ ਫ਼ਸੇ ਮਜ਼ਦੂਰ ਸੁਰੇਸ਼ ਦੇ ਕਤਲ ਦੇ ਦਰਜ ਮਾਮਲੇ ਵਿੱਚ ਪ੍ਰੋਜੈਕਟ ਡਾਇਰੈਕਟਰ ਸਮੇਤ ਪ੍ਰਬੰਧਕਾਂ ਨੂੰ ਕਰਤਾਰਪੁਰ ਪੁਲਿਸ ਫੜਨ ਵਿੱਚ ਕਾਮਯਾਬ ਨਹੀਂ ਹੋਈ, ਉਨ੍ਹਾਂ ਸਭ ਦੀ ਗਿਰਫ਼ਤਾਰੀ ਦੀ ਮੰਗ ਕੀਤੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਲਾਂਬੜਾ ਅਧੀਨ ਪਿੰਡ ਕਲਿਆਣਪੁਰ ਵਿਖੇ ਐੱਸ ਸੀ ਧਰਮਸ਼ਾਲਾ ਉੱਪਰ ਨਜਾਇਜ਼ ਕਬਜ਼ਾ ਕਰਨ ਦਾ ਵਿਰੋਧ ਕਰਨ ਵਾਲਿਆਂ ਨੂੰ ਧਰਮਸ਼ਾਲਾ ਸਪੁੱਰਦ ਕਰਨ ਦੀ ਥਾਂ ਦੋ ਦਰਜਨ ਦੇ ਕਰੀਬ ਦਲਿਤ ਪਰਿਵਾਰਾਂ ਨੂੰ ਸੱਤਾਧਾਰੀ ਧਿਰ ਦੇ ਦਬਾਅ ਹੇਠ ਸੰਗੀਨ ਧਾਰਾਵਾਂ 307 ਤਹਿਤ ਪਰਚਾ ਮਿਲਿਆ ਅਤੇ ਕਬਜ਼ਾ ਕਰਨ ਵਾਲੇ ਸ਼ਖਸ ਨੂੰ ਮਿਲੀ ਹੱਲਾਸ਼ੇਰੀ ਕਾਰਨ ਲੰਘੀ ਰਾਤ ਉਸ ਨੇ ਇੱਕ ਨੌਜਵਾਨ ਨੂੰ ਥੱਪੜ ਮਾਰ ਕੇ ਜ਼ਲੀਲ ਕੀਤਾ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਇੱਕ ਆਪ ਆਗੂ ਦੀ ਦਖਲਅੰਦਾਜ਼ੀ ਕਾਰਨ ਪਿੰਡ ਘੁੱਗ ਵਿਖੇ ਦਲਿਤ ਮਜ਼ਦੂਰਾਂ ਨੂੰ ਪੀਣ ਵਾਲੇ ਪਾਣੀ ਦਾ ਮੁੱਢਲਾ ਅਧਿਕਾਰ ਮਿਲਣ ਵਿੱਚ ਰੋਕ ਲੱਗੀ ਹੋਈ ਹੈ ਅਤੇ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਕਰਤਾਰਪੁਰ ਪੁਲਿਸ ਵਲੋਂ ਪਿੰਡ ਬੂਲੇ ਦੀ ਨੌਜਵਾਨ ਲੜਕੀ ਦੇ ਮਾਮਲੇ ਵਾਂਗ ਹੀ ਇਸ ਮਸਲੇ ਵਿੱਚ ਵੀ ਸੱਤਾਧਾਰੀ ਧਿਰ ਦੇ ਦਬਾਅ ਕਾਰਨ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਅਜਿਹੇ ਹਾਲਾਤ ਵਿੱਚ ਮਜ਼ਦੂਰਾਂ ਨੂੰ ਜਥੇਬੰਦ ਹੋ ਕੇ ਹੋ ਰਹੀਆਂ ਵਧੀਕੀਆਂ ਦਾ ਡੱਟ ਕੇ ਵਿਰੋਧ ਕਰਦਿਆਂ ਇਨਸਾਫ਼ ਲਈ ਸੰਘਰਸ਼ ਉੱਪਰ ਟੇਕ ਰੱਖਣੀ ਹੋਵੇਗੀ।ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਡੇਢ ਸਾਲ ਚ ਘਰੇਲੂ ਬਿਜਲੀ ਬਿੱਲ ਮੁਆਫ਼ੀ ਨੂੰ ਕੱਛਾਂ ਵਜਾ ਵਜਾ ਕੇ ਪ੍ਰਾਪਤੀ ਦੱੱਸਦੀ ਥੱਕ ਨਹੀਂ ਰਹੀ ਦੂਜੇ ਪਾਸੇ ਜ਼ਬਰੀ ਬਿੱਲ ਉਗਰਾਹੁਣ ਲਈ ਘਰੇਲੂ ਕੁਨੈਕਸ਼ਨ ਕੱਟ ਕੇ ਲੋਕਾਂ ਦੇ ਘਰਾਂ ਵਿੱਚ ਹਨੇਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕੁਨੈਕਸ਼ਨ ਕੱਟਣ ਅਤੇ ਪ੍ਰਾਈਵੇਟ ਕੰਪਨੀ ਦੇ ਚਿੱਪ ਵਾਲੇ ਮੀਟਰ ਲਾਉਣ ਦਾ ਵਿਰੋਧ ਕਰਨ ਦਾ ਸੱਦਾ ਵੀ ਦਿੱਤਾ।ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ,ਕੇ ਐੱਸ ਅਟਵਾਲ, ਪਰਮਜੀਤ ਕੌਰ ਮੀਕੋ, ਰੋਜ਼ੀ ਆਦਿ ਨੇ ਸੰਬੋਧਨ ਕੀਤਾ।
