ਕਰਤਾਰਪੁਰ ਪੰਜਾਬ ਦੈਨਿਕ ਨਿਊਜ਼ (ਲਵਦੀਪ ਬੈਂਸ ) ਸਿਹਤ ਵਿਭਾਗ 21 ਨਵੰਬਰ ਤੋਂ 4 ਦਸੰਬਰ ਤੱਕ ” ਮਰਦਾਂ ਨੇ ਪਰਿਵਾਰ ਨਿਯੋਜਨ ਅਪਨਾਇਆ, ਸੁਖੀ ਪਰਿਵਾਰ ਦਾ ਅਧਾਰ ਬਨਾਇਆ ” ਥੀਮ ਤਹਿਤ ਨਸਬੰਦੀ ਪੰਦਰਵਾੜਾ ਮਨਾ ਰਿਹਾ ਹੈ। ਇਸ ਦੇ ਤਹਿਤ ਵੱਧਦੀ ਆਬਾਦੀ ‘ਤੇ ਕਾਬੂ ਪਾਉਣ ਅਤੇ ਸੀਮਿਤ ਪਰਿਵਾਰ ਰੱਖਣ ਲਈ ਸਿਹਤ ਮੁਲਾਜਮ ਘਰ-ਘਰ ਜਾ ਕੇ ਲੋਕਾਂ ਨੂੰ ਸੀਮਿਤ ਪਰਿਵਾਰ ਰੱਖਣ ਦੇ ਫਾਇਦਿਆਂ ਅਤੇ ਪਰਿਵਾਰ ਨਿਯੋਜਨ ਲਈ ਉਪਲਬਧ ਸਾਧਨਾਂ ਦੇ ਬਾਰੇ ਜਾਣਕਾਰੀ ਦੇ ਰਹੇ ਹਨ।ਸੀਨੀਅਰ ਮੈਡੀਕਲ ਅਫਸਰ ਡਾ. ਕੁਲਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਪਰਿਵਾਰ ਨਿਯੋਜਨ ਮੌਜੂਦਾ ਸਮੇਂ ਦੀ ਬਹੁਤ ਹੀ ਅਹਿਮ ਲੋੜ ਹੈ, ਕਿਉਂਕਿ ਕਿਸੇ ਵੀ ਪਤੀ-ਪਤਨੀ ਦਾ ਭਵਿੱਖ, ਉਨ੍ਹਾਂ ਦੀ ਆਰਥਕ ਸਥਿਤੀ, ਸਿਹਤ ਅਤੇ ਖੁਸ਼ਹਾਲੀ ਇਸੇ ਗੱਲ ਤੇ ਨਿਰਭਰ ਕਰਦੇ ਹਨ ਕਿ ਉਨ੍ਹਾਂ ਦੇ ਕਿੰਨੇ ਬੱਚੇ ਹਨ। ਜੇਕਰ ਕਿਸੇ ਦੇ ਇੱਕ ਜਾਂ ਦੋ ਹੀ ਬੱਚੇ ਹੋਣਗੇ, ਤਾਂ ਪਤੀ-ਪਤਨੀ ਉਨ੍ਹਾਂ ਦੀ ਪਰਵਰਿਸ਼ ਸਹੀ ਤਰ੍ਹਾਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸੇ ਲਈ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਵਿੱਚ ਮਰਦਾਂ ਦੀ ਹਿੱਸੇਦਾਰੀ ਵਧਾਉਣ ਲਈ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ।




ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੋ ਯੋਗ ਜੋੜੇ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹਨ ਉਹ 30 ਨਵੰਬਰ ਅਤੇ 4 ਦਸੰਬਰ ਨੂੰ ਸੀ.ਐਚ.ਸੀ. ਕਰਤਾਰਪੁਰ ਵਿਖੇ ਪਰਿਵਾਰ ਨਿਯੋਜਨ ਦੇ ਕੇਸ ਕਰਵਾ ਸਕਦੇ ਹਨ।
