ਕਪੂਰਥਲਾ ਪੰਜਾਬ ਦੈਨਿਕ ਨਿਊਜ ਰਵਿੰਦਰ ਰਵੀ (ਢਿੱਲਵਾਂ 9 ਮਈ 2022) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਆਜ਼ਾਦੀ ਦੇ ਅਮ੍ਰਿਤ ਮਹਾ ਉਤਸਵ ਦੇ `ਤੇ ਥੀਮ “ਜਾਗਰੁਕ ਰਹੋ, ਸਾਂਝਾ ਕਰੋ ਅਤੇ ਸੰਭਾਲ ਕਰੋ” ਦੇ ਤਹਿਤ 8 ਮਈ ਤੋਂ 14 ਮਈ ਤੱਕ ਥੈਲੇਸੀਮਿਆ ਸੰਬੰਧੀ ਹਫ਼ਤਾਵਾਰ ਜਾਗਰੁਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੇ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਡਾ. ਜਸਵਿੰਦਰ ਕੁਮਾਰੀ ਦੀ ਯੋਗ ਅਗਵਾਈ ਹੇਠ ਢਿੱਲਵਾਂ ਦੇ ਅਧੀਨ ਆਉਂਦੇ ਵੱਖ-ਵੱਖ ਸਬ-ਸੈਂਟਰਾਂ `ਤੇ ਲੋਕਾਂ ਨੂੰ ਥੈਲੀਸੀਮਿਆ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਜਸਵਿੰਦਰ ਕੁਮਾਰੀ ਨੇ ਦੱਸਿਆ ਕਿ ਥੈਲੇਸੀਮਿਆ ਇੱਕ ਜਿਨਸੀ ਰੋਗ ਹੈ। ਇਸ ਬਿਮਾਰੀ ਤੋਂ ਪੀੜੀਤ ਵਿਅਕਤੀ ਵਿੱਚ ਖੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂ ਖ਼ਤਮ ਹੋ ਜਾਂਦੀ ਹੈ। ਥੈਲੇਸੀਮਿਆ ਤੋਂ ਪੀੜੀਤ ਵਿਅਕਤੀ ਦੇ ਮੁੱਖ ਲੱਛਣ ਸਰੀਰਕ ਵਾਧੇ ਤੇ ਵਿਕਾਸ ਵਿੱਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ, ਚਿਹਰੇ ਦੀ ਬਨਾਵਟ ਵਿੱਚ ਬਦਲਾਅ, ਗਾੜ੍ਹਾ ਪਿਸ਼ਾਬ ਆਉਣਾ, ਚਮੜੀ ਦਾ ਪੀਲਾ ਹੋਣਾ, ਚਿਹਰੇ ਦੀ ਬਨਾਵਟ ਵਿੱਚ ਬਦਲਾਅ ਅਤੇ ਜਿਗਰ `ਤੇ ਤਿੱਲੀ ਦਾ ਵੱਧਣਾ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਐਕਸਟੇਂਸ਼ਨ ਐਜੂਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਨੇ ਕਿਹਾ ਕਿ ਥੈਲੇਸੀਮਿਆ ਤੋਂ ਪੀੜੀਤ ਮਰੀਜ਼ ਨੂੰ ਹਰ 15 ਤੋਂ 20 ਦਿਨਾਂ ਦੇ ਬਾਅਦ ਖੂਨ ਚੜਾਉਣ ਦੀ ਜ਼ਰੂਰਤ ਪੈਂਦੀ ਹੈ । ਉਨ੍ਹਾਂ ਦੱਸਸਿਆ ਕਿ ਇਸ ਦੀ ਜਾਂਚ ਲਈ ਐਚ.ਪੀ.ਐਲ.ਸੀ ਮਸ਼ੀਨਾਂ ਰਾਹੀਂ ਖੂਨ ਦਾ ਐਚ.ਬੀ.ਏ. ਟੂ ਟੈਸਟ ਰਾਜ ਦੇ ਤਿੰਨ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਦੇ ਨਾਲ-ਨਾਲ ਏਮਜ਼ ਬਠਿੰਡਾ ਤੇ ਸਰਕਾਰੀ ਹਸਪਤਾਲ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਕੀਤਾ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਪੀੜੀਆਂ ਨੂੰ ਇਸ ਰੋਗ ਤੋਂ ਬਚਾਉਣ ਲਈ ਗਰਭਵਤੀ ਔਰਤਾਂ ਦਾ ਖਾਸ ਕਰ ਪਹਿਲੀ ਤੀਮਾਹੀ ਵਿੱਚ, ਵਿਆਹਯੋਗ `ਤੇ ਵਿਆਹੇ ਜੋੜੇ ਅਤੇ ਜਿਨ੍ਹਾਂ ਦਾ ਅਨੀਮਿਆ ਦਾ ਇਲਾਜ ਕਰਨ ਦੇ ਬਾਵਜੂਦ ਖੂਨ ਦੀ ਮਾਤਰਾ ਨਾ ਵਧਦੀ ਹੋਵੇ ਉਨ੍ਹਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰ ਦੁਆਰਾ ਥੈਲੇਸੀਮਿਆ ਦੇ ਮਰੀਜਾਂ ਨੂੰ ਸਰਕਾਰੀ ਬਲੱਡ ਬੈਂਕਾਂ ਤੋਂ ਮੁਫ਼ਤ ਖੂਨ ਉਪਲੱਬਧ ਕਰਵਾਇਆ ਜਾਂਦਾ ਹੈ । ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਸਾਰੇ 0 – 15 ਸਾਲ ਤੱਕ ਦੇ ਬੱਚਿਆਂ ਦਾ ਸਾਲ ਵਿੱਚ ਇੱਕ ਵਾਰ ਮੁਫਤ ਅਨੀਮਿਆ ਜਾਂਚ ਕਰਕੇ ਇਲਾਜ ਕੀਤਾ ਜਾਂਦਾ ਹੈ । ਇਸ ਮੌਕੇ ਡਾ. ਸਤਿੰਰਜੀਤ ਕੌਰ, ਐਲ.ਐਚ.ਵੀ ਸੁਖਰਾਜ ਕੌਰ, ਏ.ਐਨ.ਐਮ ਤਰਜੀਤ ਕੌਰ, ਸੁਨੀਤਾ ਵਿਰਲੀ, ਐਮ.ਪੀ.ਐਚ. ਡਬਲਿਓ ਮੇਲ ਵਰਕਰ ਅਤੇ ਆਸ਼ਾ ਵਰਕਰਾਂ ਹਾਜ਼ਰ ਸਨ।
